ਬੀ.ਸੀ. ਇਹ ਯਕੀਨੀ ਬਣਾਉਣ ਲਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਕਿ ਲੋਕਾਂ ਨੂੰ ਉਨ੍ਹਾਂ ਦੀ ਲੋੜੀਂਦੀ ਸੰਭਾਲ ਮਿਲੇ, ਜਿੱਥੇ ਅਤੇ ਜਦੋਂ ਉਨ੍ਹਾਂ ਨੂੰ ਇਸਦੀ ਲੋੜ ਹੈ, ਚਾਹੇ ਉਸ ਲਈ ਕਿੰਨੀਆਂ ਵੀ ਕੋਸ਼ਿਸ਼ਾਂ ਕਰਨੀਆਂ ਪੈਣ।
English | 繁體中文 | 简体中文 | Français | ਪੰਜਾਬੀ
ਸਭ ਤੋਂ ਤਾਜ਼ਾ ਜਾਣਕਾਰੀ ਲਈ, ਕਿਰਪਾ ਕਰਕੇ ਅੰਗਰੇਜ਼ੀ ਪੰਨੇ ‘ਤੇ ਜਾਓ
ਇਸ ਸਮੇਂ ਦੁਨੀਆ ਅਨਿਸ਼ਚਿਤਤਾ ਦੀ ਭਾਵਨਾ ਮਹਿਸੂਸ ਕਰ ਰਹੀ ਹੈ। ਮਾਨਸਿਕ ਸਿਹਤ, ਨਸ਼ੇ ਦੀ ਲਤ ਅਤੇ ਬੇਘਰੀ ਕਾਰਨ ਜਿਨ੍ਹਾਂ ਮੁੱਦਿਆਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ, ਉਹ ਹਾਲ ਹੀ ਦੇ ਸਾਲਾਂ ਵਿੱਚ - ਇੱਥੇ ਅਤੇ ਦੁਨੀਆ ਭਰ ਵਿੱਚ ਵਧੇਰੇ ਮੁਸ਼ਕਲ ਹੋ ਗਏ ਹਨ। ਅਤੇ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਧੇਰੇ ਖਤਰਨਾਕ ਅਤੇ ਘਾਤਕ ਹੋ ਗਈ ਹੈ - ਸਾਡੇ ਅਜ਼ੀਜ਼ਾਂ ਅਤੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਮਾਨਸਿਕ ਸਿਹਤ ਜਾਂ ਨਸ਼ੇ ਦੀ ਲਤ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਕੋਈ ਇੱਕ ਅਜਿਹਾ ਹੱਲ ਉਪਲਬਧ ਨਹੀਂ ਹੈ ਜੋ ਸਾਰਿਆਂ ਲਈ ਕੰਮ ਕਰਦਾ ਹੋਵੇ ਜਾਂ ਢੁਕਵਾਂ ਹੋਵੇ। ਇਸ ਲਈ ਅਸੀਂ ਜਲਦੀ ਦਖਲ ਦੇ ਕੇ, ਜਾਨਾਂ ਬਚਾਉਣ ਲਈ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਜੋਖਮ ਨੂੰ ਘਟਾ ਕੇ, ਲੋਕਾਂ ਨੂੰ ਇਲਾਜ ਅਤੇ ਸੰਭਾਲ ਨਾਲ ਜੋੜ ਕੇ, ਰਿਕਵਰੀ ਅਤੇ ਤੰਦਰੁਸਤੀ ਲਈ ਰਸਤੇ ਤਿਆਰ ਕਰ ਕੇ ਅਤੇ ਮੂਲ ਕਾਰਨਾਂ ਤੱਕ ਪਹੁੰਚਣ ਲਈ ਸਹਾਇਤਾ ਪ੍ਰਦਾਨ ਕਰ ਕੇ ਲੋਕਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਅਤੇ ਤੰਦਰੁਸਤ ਰੱਖਣ ਲਈ ਹਰ ਪਾਸਿਓਂ ਕਾਰਵਾਈ ਕਰ ਰਹੇ ਹਾਂ।
ਨਤੀਜੇ ਸਾਡੇ ਸਾਹਮਣੇ ਹਨ ਅਤੇ ਅਸੀਂ ਦੇਖ ਸਕਦੇ ਹਾਂ ਕਿ ਫਰਕ ਆ ਰਿਹਾ ਹੈ, ਪਰ ਅਜੇ ਹੋਰ ਕੰਮ ਕਰਨਾ ਬਾਕੀ ਹੈ।
ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਲਤ ਦੀਆਂ ਚੁਣੌਤੀਆਂ ਨੂੰ ਜਲਦੀ ਹੱਲ ਕਰਕੇ, ਅਸੀਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਹਾਲਤ ਨੂੰ ਜ਼ਿਆਦਾ ਗੰਭੀਰ ਹੋਣ ਤੋਂ ਬਚਾ ਸਕਦੇ ਹਾਂ।
2019 ਤੋਂ ਲੈ ਕੇ ਹੁਣ ਤੱਕ, ਵਿਅਕਤੀਆਂ, ਜੋੜਿਆਂ ਅਤੇ ਪਰਿਵਾਰਾਂ ਨੂੰ 328,000 ਮੁਫ਼ਤ ਜਾਂ ਘੱਟ ਲਾਗਤ ਵਾਲੇ ਕਾਊਂਸਲਿੰਗ ਸੈਸ਼ਨ ਪ੍ਰਦਾਨ ਕੀਤੇ ਗਏ ਹਨ
12-24 ਸਾਲ ਦੇ ਨੌਜਵਾਨਾਂ ਨੂੰ ਸਿਹਤ ਅਤੇ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਲਈ 35 ਫਾਊਂਡਰੀ ਸੈਂਟਰ ਇਸ ਵੇਲੇ ਖੁੱਲ੍ਹੇ ਹੋਏ ਹਨ ਜਾਂ ਵਿਕਾਸ ਅਧੀਨ ਹਨ
42 ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ ਇਸ ਸਮੇਂ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਲਤ ਸੰਬੰਧੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਅਤੇ ਹੋਰ ਖੁਲ੍ਹਣ ਵਾਲੇ ਹਨ
ਮੁਫ਼ਤ ਜਾਂ ਘੱਟ ਲਾਗਤ ਵਾਲੀ ਚੰਗੇ ਪੱਧਰ ਦੀ ਕਾਊਂਸਲਿੰਗ
ਜਦੋਂ ਲੋਕ ਮਦਦ ਲੈਣ ਲਈ ਪਹੁੰਚ ਕਰਨ ਦਾ ਫੈਸਲਾ ਕਰਦੇ ਹਨ, ਉਸ ਵੇਲੇ ਸਹਾਇਤਾ ਉਪਲਬਧ ਹੋਣੀ ਚਾਹੀਦੀ ਹੈ।
ਇਸ ਲਈ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਬੀ.ਸੀ. ਭਰ ਦੇ ਲੋਕਾਂ ਨੂੰ ਜਦੋਂ ਅਤੇ ਜਿੱਥੇ ਜ਼ਰੂਰਤ ਹੋਵੇ, ਉਹ ਮੁਫ਼ਤ ਜਾਂ ਘੱਟ ਲਾਗਤ 'ਤੇ ਕਾਊਂਸਲਿੰਗ ਸੇਵਾਵਾਂ ਤੱਕ ਪਹੁੰਚ ਕਰ ਸਕਣ।
ਕਾਊਂਸਲਿੰਗ ਸੇਵਾਵਾਂ:
2019 ਤੋਂ ਲੈ ਕੇ ਹੁਣ ਤੱਕ 328,000+ ਕਾਊਂਸਲਿੰਗ ਸੈਸ਼ਨ ਪ੍ਰਦਾਨ ਕੀਤੇ ਗਏ ਹਨ।
12-24 ਸਾਲ ਦੇ ਨੌਜਵਾਨਾਂ ਲਈ ਫਾਊਂਡਰੀ ਸੈਂਟਰ
ਪਿਛਲੇ ਕੁਝ ਸਾਲ ਨੌਜਵਾਨਾਂ ਲਈ ਅਸਾਨ ਨਹੀਂ ਰਹੇ। ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਨੌਜਵਾਨ ਮਹਾਂਮਾਰੀ ਕਾਰਨ ਬੇਹੱਦ ਪ੍ਰਭਾਵਿਤ ਹੋਏ ਸਨ।
ਨੌਜਵਾਨਾਂ ਨੂੰ ਸਿਹਤ ਅਤੇ ਤੰਦਰੁਸਤੀ ਸੰਬੰਧੀ ਸੰਭਾਲ, ਆਪਸੀ ਮੇਲ-ਜੋਲ ਅਤੇ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ, ਅਸੀਂ ਸੂਬੇ ਭਰ ਵਿੱਚ ਫਾਊਂਡਰੀ ਯੂਥ ਸੈਂਟਰਾਂ ਦਾ ਵਿਸਤਾਰ ਕਰ ਰਹੇ ਹਾਂ।
ਫਾਊਂਡਰੀ ਯੂਥ ਵੈਲਨੈਸ ਸੈਂਟਰ:
ਸਾਰੇ 35 ਫਾਊਂਡਰੀ ਸੈਂਟਰ 2028 ਤੱਕ ਖੁੱਲ੍ਹਣ ਦੀ ਉਮੀਦ ਹੈ। ਪਿਛਲੇ ਸਾਲ 16,000 ਤੋਂ ਵੱਧ ਨੌਜਵਾਨਾਂ ਨੇ ਫਾਊਂਡਰੀ ਸੇਵਾਵਾਂ ਤੱਕ ਪਹੁੰਚ ਕੀਤੀ।
ਏਕੀਕ੍ਰਿਤ ਬਾਲ ਅਤੇ ਨੌਜਵਾਨ ਟੀਮਾਂ (Integrated Child and Youth Teams)
ਇਹ ਅਨੁਮਾਨ ਲਗਾਇਆ ਗਿਆ ਹੈ ਕਿ ਗੰਭੀਰ ਮਾਨਸਿਕ-ਸਿਹਤ ਦੀਆਂ 75٪ ਸਮੱਸਿਆਵਾਂ 25 ਸਾਲ ਦੀ ਉਮਰ ਤੋਂ ਪਹਿਲਾਂ ਸਾਹਮਣੇ ਆਉਂਦੀਆਂ ਹਨ। ਨਸ਼ੀਲੇ ਪਦਾਰਥਾਂ ਦਾ ਜ਼ਹਿਰੀਲਾਪਣ ਅਤੇ ਖੁਦਕੁਸ਼ੀ 15 ਤੋਂ 18 ਸਾਲ ਦੀ ਉਮਰ ਦੇ ਲੋਕਾਂ ਲਈ ਮੌਤ ਦੇ ਸਭ ਤੋਂ ਵੱਡੇ ਕਾਰਨ ਹਨ।
19 ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਲਈ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਲਤ ਕਾਰਨ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ, ਅਸੀਂ ਸੂਬੇ ਭਰ ਦੇ 20 ਸਕੂਲ ਡਿਸਟ੍ਰਿਕਟਾਂ ਵਿੱਚ ਏਕੀਕ੍ਰਿਤ ਬਾਲ ਅਤੇ ਨੌਜਵਾਨ ਟੀਮਾਂ ਦਾ ਵਿਸਤਾਰ ਕਰ ਰਹੇ ਹਾਂ।
ਏਕੀਕ੍ਰਿਤ ਬਾਲ ਅਤੇ ਨੌਜਵਾਨ ਟੀਮਾਂ:
ਏਕੀਕ੍ਰਿਤ ਬਾਲ ਅਤੇ ਨੌਜਵਾਨ ਟੀਮਾਂ ਸਾਰੇ 20 ਸਕੂਲ ਡਿਸਟ੍ਰਿਕਟਾਂ ਵਿੱਚ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਤੋਂ ਬਾਅਦ ਹਰ ਮਹੀਨੇ 5,800 ਬੱਚਿਆਂ ਅਤੇ ਨੌਜਵਾਨਾਂ ਨੂੰ ਸੇਵਾ ਪ੍ਰਦਾਨ ਕਰ ਸਕਦੀਆਂ ਹਨ।
‘ਕੌਨਫ਼ੀਡੈਂਟ ਪੇਰੈਂਟਸ, ਥਰਾਈਵਿੰਗ ਕਿਡਸ’ ਪ੍ਰੋਗਰਾਮ (Confident Parents, Thriving Kids program)
ਇੱਕ ਬੱਚੇ ਦਾ ਪਾਲਣ-ਪੋਸ਼ਣ ਕਰਨਾ ਕਿਸੇ ‘ਮੈਨੂਅਲ’ (ਹਿਦਾਇਤਾਂ ਦੀ ਕਿਤਾਬ) ਨੂੰ ਪੜ੍ਹ ਕੇ ਜਾਂ ‘ਪਲੇਬੁੱਕ’ ਰਾਹੀਂ ਨਹੀਂ ਆਉਂਦਾ। ਕਈ ਵਾਰ ਅਜਿਹੇ ਸਮੇਂ ਹੁੰਦੇ ਹਨ ਜਦੋਂ ਮਾਪਿਆਂ ਨੂੰ ਉਸ ਵੇਲੇ ਮਦਦ ਦੀ ਲੋੜ ਹੁੰਦੀ ਹੈ ਜਦੋਂ ਉਹ ਆਪਣੇ ਬੱਚੇ ਦਾ ਉਸਦੀ ਜ਼ਿੰਦਗੀ ਦੇ ਮੁਸ਼ਕਲ ਸਮੇਂ ਵਿੱਚੋਂ ਨਿੱਕਲਣ ਲਈ ਮਾਰਗ ਦਰਸ਼ਨ ਕਰ ਰਹੇ ਹੁੰਦੇ ਹਨ
ਮਾਪਿਆਂ ਅਤੇ ਸੰਭਾਲ ਕਰਨ ਵਾਲਿਆਂ ਦੀ ਸਹਾਇਤਾ ਲਈ ‘ਵੀ ਆਰ ਇੰਡੀਜਨਸ: ਬਿਗ ਵਰੀਜ਼, ਸਟ੍ਰੌਂਗ ਸਪਿਰਿਟ’ ਪ੍ਰੋਗਰਾਮ (We Are Indigenous: Big Worries, Strong Spirit program)
ਐਂਗਜ਼ਾਇਟੀ ਸੰਬੰਧੀ ‘ਕੌਨਫ਼ੀਡੈਂਟ ਪੇਰੈਂਟਸ, ਥਰਾਈਵਿੰਗ ਕਿਡਸ’ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ, ‘ਵੀ ਆਰ ਇੰਡੀਜਨਸ: ਬਿਗ ਵਰੀਜ਼, ਸਟ੍ਰੌਂਗ ਸਪਿਰਿਟ’ ਪ੍ਰੋਗਰਾਮ (We Are Indigenous: Big Worries, Strong Spirit program):
ਅਰਲੀ ਸਾਈਕੋਸਿਸ ਇੰਟਰਵੈਨਸ਼ਨ (ਸਾਈਕੋਸਿਸ ਬਾਰੇ ਜਲਦੀ ਦਖਲਅੰਦਾਜ਼ੀ)
ਸਾਈਕੋਸਿਸ ਇੱਕ ਗੰਭੀਰ ਮਾਨਸਿਕ ਬਿਮਾਰੀ ਹੈ ਜੋ ਅਕਸਰ 18-24 ਸਾਲ ਦੀ ਉਮਰ ਦੇ ਵਿਚਕਾਰ ਸਾਹਮਣੇ ਆਉਂਦੀ ਹੈ, ਅਤੇ ਇਹ ਲਗਭਗ 30 ਵਿੱਚੋਂ 1 ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ। ਜਲਦੀ ਦਖਲਅੰਦਾਜ਼ੀ ਕਿਸੇ ਵਿਅਕਤੀ ਦੇ ਜੀਵਨ 'ਤੇ ਪੈਣ ਵਾਲੇ ਬੁਰੇ ਪ੍ਰਭਾਵ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।
ਅਸੀਂ ਸੂਬੇ ਭਰ ਵਿੱਚ ‘ਅਰਲੀ ਸਾਈਕੋਸਿਸ ਇੰਟਰਵੈਨਸ਼ਨ’ (Early Psychosis Intervention) ਪ੍ਰੋਗਰਾਮਾਂ ਦਾ ਵਿਸਤਾਰ ਕਰ ਰਹੇ ਹਾਂ ਤਾਂ ਜੋ ਵਧੇਰੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਅਤੇ ਇਲਾਜ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਜਾ ਸਕੇ।
ਅਰਲੀ ਸਾਈਕੋਸਿਸ ਇੰਟਰਵੈਨਸ਼ਨ ਪ੍ਰੋਗਰਾਮ:
ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਨਾਲ ਨਜਿੱਠਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੈ। ਨਸ਼ੀਲੇ ਪਦਾਰਥ ਕੁਝ ਸਾਲ ਪਹਿਲਾਂ ਦੇ ਮੁਕਾਬਲੇ ਵਧੇਰੇ ਜ਼ਹਿਰੀਲੇ, ਵਧੇਰੇ ਅਚਨਚੇਤ ਅਤੇ ਵਧੇਰੇ ਘਾਤਕ ਹਨ। ਜਿਵੇਂ-ਜਿਵੇਂ ਸੰਕਟ ਵਿੱਚ ਤਬਦੀਲੀਆਂ ਆਉਂਦੀਆਂ ਹਨ, ਅਸੀਂ ਦੇਖ ਰਹੇ ਹਾਂ ਕਿ ਵਧੇਰੇ ਲੋਕਾਂ ਵਿੱਚ ਬਹੁਤ ਗੁੰਝਲਦਾਰ ਲੋੜਾਂ ਵਿਕਸਤ ਹੋ ਰਹੀਆਂ ਹਨ। ਜੋਖਮ ਨੂੰ ਘਟਾ ਕੇ, ਅਸੀਂ ਲੋਕਾਂ ਦੀ ਜੀਵਤ ਰਹਿਣ ਵਿੱਚ ਮਦਦ ਕਰ ਸਕਦੇ ਹਾਂ, ਤਾਂ ਜੋ ਉਨ੍ਹਾਂ ਨੂੰ ਲੋੜੀਂਦੀ ਸੰਭਾਲ ਅਤੇ ਇਲਾਜ ਮਿਲ ਸਕੇ।
2017 ਅਤੇ ਜਨਵਰੀ 2025 ਦੇ ਵਿਚਕਾਰ ਦੇਖ-ਰੇਖ ਹੇਠ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਾਲੀਆਂ ਸਾਈਟਾਂ ‘ਤੇ ਓਵਰਡੋਜ਼ ਦੇ 30,742 ਮਾਮਲਿਆਂ ਨਾਲ ਨਜਿੱਠ ਕੇ ਉਸ ਦੇ ਅਸਰ ਨੂੰ ਖਤਮ ਕੀਤਾ ਗਿਆ
ਜਨਵਰੀ 2019 ਅਤੇ ਅਕਤੂਬਰ 2024 ਦੇ ਵਿਚਕਾਰ ਨੁਕਸਾਨ ਘਟਾਉਣ ਦੇ ਉਪਾਵਾਂ ਅਤੇ ਓਪੀਔਇਡ ਐਗੋਨਿਸਟ ਇਲਾਜ ਕਾਰਨ 54,700 ਮੌਤਾਂ ਹੋਣ ਤੋਂ ਬਚਾਈਆਂ ਗਈਆਂ
ਸਾਲ 2023 ਦੇ ਮੁਕਾਬਲੇ 2024 ਵਿੱਚ ਜ਼ਹਿਰੀਲੀ ਨਸ਼ੀਲੇ ਪਦਾਰਥਾਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ 12% ਦੀ ਘਾਟ ਦੇਖਣ ਨੂੰ ਮਿਲੀ ਹੈ, ਅਤੇ ਮੌਤ ਦੀ ਦਰ 4 ਸਾਲਾਂ ਵਿੱਚ ਹੁਣ ਤੱਕ ਦੀ ਸਭ ਤੋਂ ਘੱਟ ਦਰ ਹੈ।
ਨਸ਼ੀਲੇ ਪਦਾਰਥਾਂ ਦਾ ਸੰਕਟ
ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦਾ ਸੰਕਟ ਨੌਰਥ ਅਮਰੀਕਾ ਵਿੱਚ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਤਬਾਹ ਕਰਨਾ ਜਾਰੀ ਰੱਖ ਰਿਹਾ ਹੈ, ਅਤੇ ਇਸ ਵਿੱਚ ਬੀ.ਸੀ. ਵੀ ਸ਼ਾਮਲ ਹੈ।
ਮਹਾਂਮਾਰੀ ਨੇ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਨੂੰ ਹੋਰ ਜ਼ਿਆਦਾ ਵਿਗਾੜ ਦਿੱਤਾ। ਗੈਰ-ਕਨੂੰਨੀ ਨਸ਼ੀਲੇ ਪਦਾਰਥ ਵਧੇਰੇ ਜ਼ਹਿਰੀਲੇ, ਵਧੇਰੇ ਅਚਨਚੇਤ ਅਤੇ ਵਧੇਰੇ ਘਾਤਕ ਹੋ ਗਏ, ਅਤੇ ਵਧੇਰੇ ਲੋਕ ਬਹੁਤ ਗੁੰਝਲਦਾਰ ਲੋੜਾਂ ਵਿਕਸਤ ਕਰ ਰਹੇ ਹਨ।
ਅਜਿਹਾ ਕੋਈ ਇੱਕ ਹੱਲ ਨਹੀਂ ਹੈ ਜੋ ਇਸ ਸੰਕਟ ਨੂੰ ਖਤਮ ਕਰ ਸਕੇ। ਇਹੀ ਕਾਰਨ ਹੈ ਕਿ ਅਸੀਂ ਮਾਨਸਿਕ-ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਸੰਭਾਲ ਦੇ ਸਾਰੇ ਰੂਪਾਂ ਤੱਕ ਪਹੁੰਚ ਦਾ ਤੁਰੰਤ ਵਿਸਤਾਰ ਕਰ ਰਹੇ ਹਾਂ ਤਾਂ ਜੋ ਵਧੇਰੇ ਲੋਕ ਜ਼ਿੰਦਾ ਰਹਿ ਸਕਣ ਅਤੇ ਆਪਣੇ ਲਈ ਅਜਿਹੀ ਸੰਭਾਲ ਲੱਭ ਸਕਣ ਜੋ ਉਨ੍ਹਾਂ ਲਈ ਕੰਮ ਕਰਦੀ ਹੋਵੇ। ਇਸ ਵਿੱਚ ਸ਼ਾਮਲ ਹਨ:
ਬੀ ਸੀ ਕੋਰੋਨਰਜ਼ ਸਰਵਿਸ ਦੇ ਅਨੁਸਾਰ, 2024 ਵਿੱਚ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2023 ਦੇ ਮੁਕਾਬਲੇ 12% ਘੱਟ ਹੈ, ਅਤੇ ਮੌਤਾਂ ਦੀ ਦਰ 4 ਸਾਲਾਂ ਵਿੱਚ ਹੁਣ ਤੱਕ ਦੀ ਸਭ ਤੋਂ ਘੱਟ ਦਰ ਹੈ। ਜਾਂਚ ਦੇ ਬੰਦ ਹੋਣ ਨਾਲ ਮੌਤਾਂ ਦੇ ਅੰਕੜੇ ਬਦਲ ਸਕਦੇ ਹਨ।
ਓਵਰਡੋਜ਼ ਰੋਕਥਾਮ ਅਤੇ ਦੇਖ-ਰੇਖ ਹੇਠ ਨਸ਼ੇ ਦੀ ਵਰਤੋਂ ਵਾਲੀਆਂ ਸੇਵਾਵਾਂ
ਓਵਰਡੋਜ਼ ਦੀ ਰੋਕਥਾਮ ਅਤੇ ਦੇਖ-ਰੇਖ ਹੇਠ ਨਸ਼ੇ ਦੀ ਵਰਤੋਂ ਕਰਨ ਵਾਲੀਆਂ ਸੇਵਾਵਾਂ ਜਾਨਾਂ ਬਚਾਉਂਦੀਆਂ ਹਨ। ਉਹ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇਪਣ ਦੇ ਜੋਖਮ ਨੂੰ ਘਟਾਉਂਦੀਆਂ ਹਨ ਅਤੇ ਲੋਕਾਂ ਨੂੰ ਜੀਵਨ-ਰੱਖਿਅਕ ਸਹਾਇਤਾ ਅਤੇ ਇਲਾਜ ਨਾਲ ਜੋੜਦੀਆਂ ਹਨ।
ਅਸੀਂ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਨਾਲ ਸਭ ਤੋਂ ਵੱਧ ਪ੍ਰਭਾਵਤ ਭਾਈਚਾਰਿਆਂ ਵਿੱਚ ਇਨ੍ਹਾਂ ਸੇਵਾਵਾਂ ਤੱਕ ਪਹੁੰਚ ਦਾ ਤੇਜ਼ੀ ਨਾਲ ਵਿਸਤਾਰ ਕੀਤਾ ਹੈ – 2017 ਵਿੱਚ ਇੱਕ ਸਾਈਟ ਤੋਂ, ਜਨਵਰੀ 2025 ਵਿੱਚ ਦੇਖ-ਰੇਖ ਹੇਠ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਰਿਪੋਰਟ ਕਰਨ ਵਾਲੀਆਂ 43 ਸਾਈਟਾਂ ਤੱਕ ਵਧ ਗਈਆਂ ਹਨ।
ਓਵਰਡੋਜ਼ ਦੀ ਰੋਕਥਾਮ ਅਤੇ ਦੇਖ-ਰੇਖ ਹੇਠ ਨਸ਼ੇ ਦੀ ਵਰਤੋਂ ਵਾਲੀਆਂ ਸੇਵਾਵਾਂ:
2017 ਅਤੇ ਜਨਵਰੀ 2025 ਵਿਚਕਾਰ 5.6 ਮਿਲੀਅਨ ਤੋਂ ਵੱਧ ਵਿਜ਼ਿਟਸ ਹੋਈਆਂ ਹਨ ਅਤੇ 30,742 ਓਵਰਡੋਜ਼ ਦੇ ਮਾਮਲਿਆਂ ਨਾਲ ਨਜਿੱਠਿਆ ਗਿਆ ਅਤੇ ਜਾਨਾਂ ਬਚਾਈਆਂ ਗਈਆਂ।
ਘਰ ਲਿਜਾਣ ਵਾਲੀਆਂ Naloxone ਕਿੱਟਾਂ (Take-home Naloxone kits)
Naloxone ਇੱਕ ਅਜਿਹੀ ਦਵਾਈ ਹੈ ਜੋ ਓਪੀਔਇਡ ਕਾਰਨ ਹੋਈ ਓਵਰਡੋਜ਼ ਦੇ ਅਸਰ ਨੂੰ ਤੇਜ਼ੀ ਨਾਲ ਉਲਟ ਸਕਦੀ ਹੈ।
2012 ਤੋਂ ਹੁਣ ਤੱਕ, ਬੀ.ਸੀ. ਵਿੱਚ ਲੋਕ ਆਪਣੇ ਕੋਲ Naloxone ਕਿੱਟ ਰੱਖਣ ਦੇ ਯੋਗ ਰਹੇ ਹਨ ਤਾਂ ਜੋ ਐਮਰਜੈਂਸੀ ਦੀ ਸੂਰਤ ਵਿੱਚ ਉਹ ਉਸਦੀ ਵਰਤੋਂ ਕਰ ਸਕਣ। ਅਸੀਂ ਇਸ ਸਮੇਂ ਪੋਸਟ-ਸੈਕੰਡਰੀ ਸੰਸਥਾਵਾਂ ਸਮੇਤ ਹੋਰ ਥਾਂਵਾਂ ‘ਤੇ ਕਿੱਟਾਂ ਤੱਕ ਨਿਰੰਤਰ ਪਹੁੰਚ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ।
ਘਰ ਲਿਜਾਣ ਵਾਲੀਆਂ Naloxone ਕਿੱਟ:
ਘਰ ਲਿਜਾਣ ਵਾਲੀਆਂ Naloxone ਕਿੱਟ ਦੀ ਵਧੇਰੇ ਮੰਗ ਦਾ ਸਿਲਸਿਲਾ ਜਾਰੀ ਹੈ। ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ, 2.696 ਮਿਲੀਅਨ ਤੋਂ ਵੱਧ ਕਿੱਟ ਵੰਡੀਆਂ ਗਈਆਂ ਹਨ ਅਤੇ ਖੋਜ ਮੁਤਾਬਕ ਅਨੁਮਾਨ ਹੈ ਕਿ ਉਨ੍ਹਾਂ ਵਿੱਚੋਂ 43% ਦੀ ਵਰਤੋਂ ਓਵਰਡੋਜ਼ ਦੇ ਅਸਰ ਨੂੰ ਉਲਟਾਉਣ ਲਈ ਕੀਤੀ ਗਈ ਸੀ।
ਡਰੱਗ-ਚੈੱਕਿੰਗ (ਨਸ਼ੀਲੇ ਪਦਾਰਥਾਂ ਦੀ ਜਾਂਚ ਸੰਬੰਧੀ) ਸੇਵਾਵਾਂ
ਅੱਜ ਦੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਜ਼ਹਿਰੀਲੀ ਹੈ। ਸਟ੍ਰੀਟ ਡਰੱਗਜ਼ ਵਿੱਚ ਅਕਸਰ ਫੈਂਟਾਨਿਲ ਜਾਂ ਹੋਰ ਸਿੰਥੈਟਿਕ ਓਪੀਔਇਡ ਹੁੰਦੇ ਹਨ ਜੋ ਇੰਨੇ ਖਤਰਨਾਕ ਹੁੰਦੇ ਹਨ ਕਿ ਉਨ੍ਹਾਂ ਦੀ ਥੋੜ੍ਹੀ ਜਿਹੀ ਮਾਤਰਾ ਵੀ ਘਾਤਕ ਹੋ ਸਕਦੀ ਹੈ। ਤੁਸੀਂ ਇਨ੍ਹਾਂ ਨੂੰ ਦੇਖ ਕੇ ਨਹੀਂ ਦੱਸ ਸਕਦੇ ਕਿ ਇਨ੍ਹਾਂ ਵਿੱਚ ਕੀ ਹੈ।
ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ, ਅਸੀਂ ਓਵਰਡੋਜ਼ ਦੇ ਜੋਖਮ ਨੂੰ ਘਟਾਉਣ ਅਤੇ ਲੋਕਾਂ ਨੂੰ ਸੰਭਾਲ ਅਤੇ ਸਹਾਇਤਾ ਨਾਲ ਜੋੜਨ ਲਈ ਸੂਬੇ ਭਰ ਵਿੱਚ ਨਸ਼ੀਲੇ ਪਦਾਰਥਾਂ ਦੀਆਂ ਜਾਂਚ ਸੇਵਾਵਾਂ ਦਾ ਵਿਸਤਾਰ ਕਰ ਰਹੇ ਹਾਂ।
ਬੀ.ਸੀ. ਭਰ ਵਿੱਚ 113 ਸਾਈਟਾਂ ‘ਤੇ ਨਸ਼ੀਲੇ ਪਦਾਰਥਾਂ ਦੀ ਜਾਂਚ ਸੰਬੰਧੀ ਸੇਵਾਵਾਂ ਉਪਲਬਧ ਹਨ।
ਅਸੀਂ ਵੈਨਕੂਵਰ ਆਇਲੈਂਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀ ਗਈ ਇੱਕ ਅਤਿ-ਆਧੁਨਿਕ ਅਤੇ ਨਸ਼ੀਲੇ ਪਦਾਰਥਾਂ ਦੀ ਜਾਂਚ ਕਰਨ ਵਾਲੀ ਬਿਹਤਰ ਕੀਤੀ ਤਕਨਾਲੌਜੀ, ‘ਹਾਰਮਚੈੱਕ’ (HarmCheck) ਵਿੱਚ ਨਿਵੇਸ਼ ਕੀਤਾ ਹੈ ਜੋ ਨਸ਼ਿਆਂ ਵਿੱਚ ਮੌਜੂਦ ਪਦਾਰਥਾਂ ਦੀ ਵਧੇਰੇ ਸਹੀ ਢੰਗ ਨਾਲ ਪਛਾਣ ਕਰਦੀ ਹੈ।
ਓਵਰਡੋਜ਼ ਬਾਰੇ ਚਿਤਾਵਨੀਆਂ ਲਈ ਲਾਈਫ਼ਗਾਰਡ ਡਿਜੀਟਲ ਹੈਲਥ ਐਪ (Lifeguard Digital Health App)
ਜ਼ਹਿਰੀਲੇ ਨਸ਼ੀਲੇ ਪਦਾਰਥਾਂ ਕਾਰਨ ਹੋਈ ਓਵਰਡੋਜ਼ ਬੀ.ਸੀ. ਵਿੱਚ ਮੌਤਾਂ ਦਾ ਇੱਕ ਪ੍ਰਮੁੱਖ ਕਾਰਨ ਹੈ। ਜ਼ਿਆਦਾਤਰ ਲੋਕ ਘਰ ਵਿੱਚ ਹੀ ਨਸ਼ੇ ਦੀ ਵਰਤੋਂ ਇਕੱਲਿਆਂ ਕਰਦੇ ਮਰ ਜਾਂਦੇ ਹਨ।
ਲਾਈਫ਼ਗਾਰਡ ਐਪ ਇੱਕ ਜੀਵਨ-ਰੱਖਿਅਕ ਸਾਧਨ ਹੈ ਜੋ ਓਵਰਡੋਜ਼ ਹੋਣ ‘ਤੇ 911 ਨੂੰ ਚਿਤਾਵਨੀ ਦਿੰਦਾ ਹੈ। ਇਸ ਨੂੰ ਫੋਨ ਜਾਂ ਕੰਪਿਊਟਰ ‘ਤੇ ਵਰਤਿਆ ਜਾ ਸਕਦਾ ਹੈ।
ਲਾਈਫ਼ਗਾਰਡ ਐਪ ਕਿਵੇਂ ਕੰਮ ਕਰਦੀ ਹੈ:
ਜ਼ਹਿਰੀਲੇ ਨਸ਼ੀਲੇ ਪਦਾਰਥਾਂ ਬਾਰੇ ਚਿਤਾਵਨੀਆਂ
ਸਿਰਫ਼ ਦੇਖ ਕੇ ਪਛਾਣ ਕਰਨਾ ਕਿ ਕੋਈ ਨਸ਼ੀਲੇ ਪਦਾਰਥ ਜ਼ਹਿਰੀਲੇ ਹਨ ਜਾਂ ਨਹੀਂ, ਇਹ ਅਸੰਭਵ ਹੈ, ਪਰ ਇਹ ਜਾਣਨਾ ਮਦਦਗਾਰ ਹੈ ਕਿ ਕੀ ਜ਼ਹਿਰੀਲੇ ਨਸ਼ੀਲੇ ਪਦਾਰਥ ਤੁਹਾਡੇ ਭਾਈਚਾਰਿਆਂ ਵਿੱਚ ਉਪਲਬਧ ਹਨ, ਤਾਂ ਜੋ ਲੋਕ ਸੁਰੱਖਿਅਤ ਰਹਿਣ ਲਈ ਕਦਮ ਚੁੱਕ ਸਕਣ।
ਜ਼ਹਿਰੀਲੇ ਨਸ਼ੀਲੇ ਪਦਾਰਥ ਅਤੇ ਸਿਹਤ ਸੰਬੰਧੀ ਚਿਤਾਵਨੀਆਂ (Toxic Drug and health Alerts) ਇੱਕ ਮੁਫ਼ਤ, ‘ਰੀਅਲ-ਟਾਈਮ’ (ਅਸਲ ਅਤੇ ਮੌਜੂਦਾ ਸਮੇਂ ਦੀ) ਟੈਕਸਟ ਮੈਸੇਜ ਸੇਵਾ ਹੈ ਜੋ ਹੁਣ ਸਾਰੀਆਂ ਬੀ.ਸੀ. ਹੈਲਥ ਅਥੌਰਿਟੀਆਂ ਵਿੱਚ ਉਪਲਬਧ ਹੈ। ਲੋਕ ਇਸ ‘ਤੇ ਹੇਠ ਦਿੱਤੇ ਕਾਰਨਾਂ ਲਈ ਸਾਈਨ ਅੱਪ ਕਰ ਸਕਦੇ ਹਨ:
ਜ਼ਹਿਰੀਲੇ ਨਸ਼ੀਲੇ ਪਦਾਰਥਾਂ ਬਾਰੇ ਅਤੇ ਸਿਹਤ ਸੰਬੰਧੀ ਚਿਤਾਵਨੀਆਂ ਬਾਰੇ ਹੋਰ ਜਾਣੋ
ਜਾਨਾਂ ਬਚਾਉਣ ਲਈ ਪ੍ਰਿਸਕਰਾਈਬ ਕੀਤੇ ਵਿਕਲਪ (Prescribed Alternatives)
ਬੀ.ਸੀ. ਦੀ ਗੈਰ-ਨਿਯੰਤ੍ਰਿਤ ਨਸ਼ੀਲੇ ਪਦਾਰਥਾਂ ਦੀ ਸਪਲਾਈ ਜ਼ਹਿਰੀਲੀ ਅਤੇ ਘਾਤਕ ਹੈ।
ਪ੍ਰਿਸਕਰਾਈਬ ਕੀਤੇ ਵਿਕਲਪ (Prescribed Alternatives) ਜ਼ਿੰਦਗੀਆਂ ਬਚਾਉਣ ਲਈ ਇੱਕ ਸਿਹਤ ਸੰਭਾਲ ਕਾਰਜਨੀਤੀ ਹੈ। ਇਹ ਜ਼ਹਿਰੀਲੇ ਨਸ਼ਿਆਂ ਦੀ ਸਪਲਾਈ ਤੋਂ ਮਰਨ ਦੇ ਸਭ ਤੋਂ ਵੱਧ ਜੋਖਮ ਵਾਲੇ ਲੋਕਾਂ ਨੂੰ, ਉਨ੍ਹਾਂ ਦੀ ਸਿਹਤ ਅਤੇ ਜੀਵਨ ਨੂੰ ਸਥਿਰ ਰੱਖਣ ਵਿੱਚ ਮਦਦ ਕਰਨ ਲਈ ਇੱਕ ਸੁਰੱਖਿਅਤ ਪ੍ਰਿਸਕਰਾਈਬ ਕੀਤਾ ਵਿਕਲਪ ਪ੍ਰਦਾਨ ਕਰਕੇ, ਵੱਖ ਕਰਦਾ ਹੈ। ਇਹ ਇਲਾਜ ਵੱਲ ਇੱਕ ਕਦਮ ਹੈ।
ਪ੍ਰਿਸਕਰਾਈਬ ਕੀਤੇ ਵਿਕਲਪਾਂ ਦੇ ਪ੍ਰੋਗਰਾਮ ਦੇ ਤਹਿਤ, ਜੋਖਮ ਵਾਲੇ ਲੋਕਾਂ ਨੂੰ:
ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਇੱਕ ਤਾਜ਼ਾ ਅਧਿਐਨ ਦੇ ਅਨੁਸਾਰ, ਪ੍ਰਿਸਕਰਾਈਬ ਕੀਤੇ ਵਿਕਲਪਾਂ ਨੇ ਮੌਤ ਦੇ ਖਤਰੇ ਨੂੰ 91% ਤੱਕ ਘਟਾ ਦਿੱਤਾ ਹੈ। ਇਸ ਪੁਸ਼ਟੀ ਕੀਤੀ ਪਹੁੰਚ ਦੀ ਪੇਸ਼ਕਸ਼ ਕਰਨ ਵਾਲਾ ਕੈਨੇਡਾ ਵਿੱਚ ਪਹਿਲਾ ਅਧਿਕਾਰ ਖੇਤਰ ਬੀ.ਸੀ. ਹੈ। ਅਸੀਂ ਹੇਠਾਂ ਦਿੱਤੀਆਂ ਕਾਰਵਾਈਆਂ ਜਾਰੀ ਰੱਖਾਂਗੇ:
ਦਸੰਬਰ 2024 ਵਿੱਚ 3,892 ਲੋਕਾਂ ਨੂੰ ਪ੍ਰਿਸਕਰਾਈਬ ਕੀਤੇ ਵਿਕਲਪ ਮਿਲੇ।
‘ਟੇਲਗੇਟ ਟੂਲਕਿੱਟ’ (Tailgate Toolkit) – ਟ੍ਰੇਡਜ਼ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਸਹਾਇਤਾ
ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਟ੍ਰੇਡਜ਼ ਜਾਂ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਮਰਦਾਂ ਦੀ ਗਿਣਤੀ ਸਭ ਤੋਂ ਵੱਧ ਦੇਖਣ ਨੂੰ ਮਿਲਦੀ ਹੈ।
ਅਸੀਂ ਵੈਨਕੂਵਰ ਆਇਲੈਂਡ ਕੰਸਟ੍ਰਕਸ਼ਨ ਐਸੋਸੀਏਸ਼ਨ ਦੇ ਨਾਲ ਇੱਕ ਸਫਲ ਪਾਇਲਟ ਤੋਂ ਬਾਅਦ, ਬੀ.ਸੀ. ਭਰ ਵਿੱਚ ਉਸਾਰੀ, ਟ੍ਰੇਡਜ਼ ਅਤੇ ਢੋਆ-ਢੁਆਈ ਅਤੇ ਆਵਾਜਾਈ ਦੇ ਖੇਤਰਾਂ ਵਿੱਚ ਕਾਮਿਆਂ ਤੱਕ ਪਹੁੰਚਣ ਲਈ ‘ਟੇਲਗੇਟ ਟੂਲਕਿੱਟ’ ਨੁਕਸਾਨ ਘਟਾਉਣ ਦੇ ਪ੍ਰੋਗਰਾਮ ਦਾ ਵਿਸਤਾਰ ਕਰਕੇ ਲੋਕਾਂ ਦੀ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਲਈ ਕੰਮ ਕੀਤਾ ਹੈ।
ਟੇਲਗੇਟ ਟੂਲਕਿੱਟ ਪ੍ਰੋਗਰਾਮ:
2022 ਦੀ ਬੀ ਸੀ ਕੋਰੋਨਰਜ਼ ਰਿਪੋਰਟ ਵਿੱਚ ਪਾਇਆ ਗਿਆ ਕਿ 35% ਲੋਕ ਜੋ ਆਪਣੀ ਮੌਤ ਦੇ ਸਮੇਂ ਰੁਜ਼ਗਾਰ-ਪ੍ਰਾਪਤ ਸਨ, ਉਨ੍ਹਾਂ ਵਿੱਚੋਂ 52% ਉਸਾਰੀ, ਟ੍ਰੇਡਜ਼ ਜਾਂ ਢੋਆ-ਢੁਆਈ ਅਤੇ ਆਵਾਜਾਈ ਉਦਯੋਗ ਵਿੱਚ ਕੰਮ ਕਰਦੇ ਸਨ।
ਕਮਿਊਨਿਟੀ ਐਕਸ਼ਨ ਟੀਮਾਂ
ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਦਾ ਜਵਾਬ ਦੇਣ ਵਾਲੇ ਹਰ ਭਾਈਚਾਰੇ ਦੀਆਂ ਵੱਖੋ-ਵੱਖਰੀਆਂ ਲੋੜਾਂ ਹਨ।
ਅਸੀਂ ਓਵਰਡੋਜ਼ ਦੇ ਸੰਕਟ ਨਾਲ ਸਭ ਤੋਂ ਵੱਧ ਪ੍ਰਭਾਵਤ 35 ਭਾਈਚਾਰਿਆਂ ਦੀ ਮਦਦ ਲਈ ਕਮਿਊਨਿਟੀ ਐਕਸ਼ਨ ਟੀਮਾਂ ਦਾ ਵਿਸਤਾਰ ਕੀਤਾ ਹੈ। ਇਹ ਟੀਮਾਂ ਓਵਰਡੋਜ਼ ਰੋਕਥਾਮ ਦਖਲਅੰਦਾਜ਼ੀਆਂ ਦੀ ਪਛਾਣ ਕਰਨ ਲਈ ਰੀਜਨਲ ਰਿਸਪਾਂਡਰਾਂ ਨਾਲ ਕੰਮ ਕਰਦੀਆਂ ਹਨ ਜੋ ਸਥਾਨਕ ਲੋੜਾਂ ਨੂੰ ਸਭ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨਗੀਆਂ।
ਕਮਿਊਨਿਟੀ ਐਕਸ਼ਨ ਟੀਮਾਂ:
ਕਮਿਊਨਿਟੀ ਐਕਸ਼ਨ ਟੀਮਾਂ ਬਾਰੇ ਹੋਰ ਜਾਣੋ
ਕਮਿਊਨਿਟੀ ਐਕਸ਼ਨ ਟੀਮਾਂ ਹੁਣ ਬੀ.ਸੀ. ਭਰ ਵਿੱਚ 35 ਭਾਈਚਾਰਿਆਂ ਦੀ ਸਹਾਇਤਾ ਕਰਦੀਆਂ ਹਨ, ਜਿਨ੍ਹਾਂ ਦੀ ਗਿਣਤੀ 2018 ਵਿੱਚ 18 ਸੀ।
ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ‘ਡਿਕ੍ਰਿਮਨਲਾਈਜ਼’ ਕਰਨਾ
ਨਸ਼ੇ ਦੀ ਲਤ ਇੱਕ ਸਿਹਤ ਦਾ ਮੁੱਦਾ ਹੈ, ਨਾ ਕਿ ਅਪਰਾਧਿਕ। ‘ਡਿਕ੍ਰਿਮਨਲਾਈਜ਼ੇਸ਼ਨ’ ਜਾਂ ਗੈਰ-ਅਪਰਾਧੀਕਰਨ (ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ ਨੂੰ ਨਿਜੀ ਵਰਤੋਂ ਲਈ ਆਪਣੇ ਕੋਲ ਰੱਖਣ ਨੂੰ ਅਪਰਾਧ ਦੇ ਦਾਇਰੇ ’ਚੋਂ ਬਾਹਰ ਕਰਨ ਦੀ ਛੋਟ) ਦਾ ਉਦੇਸ਼ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਅਪਰਾਧਿਕ ਨਿਆਂ ਪ੍ਰਣਾਲੀ ਤੋਂ ਦੂਰ ਕਰਕੇ ਸਿਹਤ ਅਤੇ ਸਮਾਜਿਕ ਸਹਾਇਤਾ ਨਾਲ ਜੋੜਨਾ ਹੈ।
ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਡਿਕ੍ਰਿਮਨਲਾਈਜ਼ ਕਰਨਾ ਉਨ੍ਹਾਂ ਬਹੁਤ ਸਾਰੀਆਂ ਕਾਰਵਾਈਆਂ ਵਿੱਚੋਂ ਇੱਕ ਹੈ ਜੋ ਅਸੀਂ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਉਸ ਸੰਕਟ ਦਾ ਜਵਾਬ ਦੇਣ ਲਈ ਕਰ ਰਹੇ ਹਾਂ, ਜੋ ਸਾਡੇ ਅਜ਼ੀਜ਼ਾਂ ਨੂੰ ਮਾਰ ਰਿਹਾ ਹੈ, ਤਾਂ ਜੋ ਲੋਕ ਲੋੜੀਂਦੀ ਸੰਭਾਲ ਪ੍ਰਾਪਤ ਕਰਨ ਲਈ ਜਿਊਂਦੇ ਰਹਿ ਸਕਣ।
ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਡਿਕ੍ਰਿਮਨਲਾਈਜ਼ ਕਰਨ ਦਾ ਟੀਚਾ ਸ਼ਰਮਿੰਦਗੀ ਦੀ ਭਾਵਨਾ ਅਤੇ ਅਪਰਾਧਿਕ ਮੁਕੱਦਮੇ ਦੇ ਉਸ ਡਰ ਨੂੰ ਘਟਾਉਣਾ ਹੈ, ਜੋ ਲੋਕਾਂ ਨੂੰ ਮਦਦ ਜਾਂ ਡਾਕਟਰੀ ਸਹਾਇਤਾ ਤੱਕ ਪਹੁੰਚ ਕਰਨ ਤੋਂ ਰੋਕਦਾ ਹੈ।
ਬੀ.ਸੀ. ਵਿੱਚ ਇਸ ਸਮੇਂ:
ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਡਿਕ੍ਰਿਮਨਲਾਈਜ਼ ਕਰਨ ਬਾਰੇ ਹੋਰ ਜਾਣੋ
ਜਦੋਂ ਲੋਕ ਮਦਦ ਮੰਗਣ ਲਈ ਦਲੇਰ ਕਦਮ ਚੁੱਕਦੇ ਹਨ, ਤਾਂ ਉਨ੍ਹਾਂ ਲਈ ਲੋੜੀਂਦੀ ਸੰਭਾਲ ਪ੍ਰਾਪਤ ਕਰਨ ਦੇ ਸਮਰੱਥ ਹੋਣਾ ਜ਼ਰੂਰੀ ਹੈ, ਜਦੋਂ ਅਤੇ ਜਿੱਥੇ ਉਨ੍ਹਾਂ ਨੂੰ ਇਸਦੀ ਜ਼ਰੂਰਤ ਹੁੰਦੀ ਹੈ। ਅਜਿਹਾ ਕੋਈ ਇੱਕ ਹੱਲ ਨਹੀਂ ਹੈ ਜੋ ਹਰ ਕਿਸੇ ਲਈ ਕੰਮ ਕਰਦਾ ਹੈ। ਲੋਕਾਂ ਨੂੰ ਆਪਣੇ ਲਈ ਢੁਕਵਾਂ ਵਿਕਲਪ ਲੱਭਣ ਲਈ ਕਈ ਵਿਕਲਪਾਂ ਦੀ ਲੋੜ ਹੁੰਦੀ ਹੈ।
2017 ਤੋਂ, ਅਸੀਂ ਬੀ.ਸੀ. ਵਿੱਚ ਇਲਾਜ ਅਤੇ ਰਿਕਵਰੀ ਸੇਵਾਵਾਂ ਦਾ ਤੁਰੰਤ ਵਿਸਤਾਰ ਕਰ ਰਹੇ ਹਾਂ ਤਾਂ ਜੋ ਵਧੇਰੇ ਲੋਕ ਇੱਕ ਨਵੇਂ ਰਸਤੇ ‘ਤੇ ਸ਼ੁਰੂਆਤ ਕਰ ਸਕਣ, ਚਾਹੇ ਇਸ ਲਈ ਕਿੰਨੀ ਵਾਰ ਹੀ ਕੋਸ਼ਿਸ਼ ਕਿਉਂ ਨਾ ਕਰਨੀ ਪਵੇ।
ਸਾਲ 2017 ਤੋਂ ਲੈ ਕੇ ਹੁਣ ਤੱਕ 758 ਨਵੇਂ ਜਨਤਕ ਤੌਰ 'ਤੇ ਫੰਡ ਪ੍ਰਾਪਤ ਇਲਾਜ ਅਤੇ ਰਿਕਵਰੀ ਬੈੱਡ ਉਪਲਬਧ ਕਰਾਏ ਗਏ ਹਨ, ਜਿਸ ਨਾਲ ਬੈੱਡਾਂ ਦੀ ਕੁੱਲ ਗਿਣਤੀ 3,778 ਹੋ ਗਈ ਹੈ।
2023-24 ਵਿੱਚ 5,328 ਬਾਲਗਾਂ ਨੂੰ ਇਨਪੇਸ਼ੈਂਟ ਇਲਾਜ ਅਤੇ ਰਿਕਵਰੀ ਸਹਾਇਤਾ ਪ੍ਰਾਪਤ ਹੋਈ, ਜੋ ਪਿਛਲੇ ਸਾਲ ਨਾਲੋਂ 1,100 ਵੱਧ ਹੈ
ਨਵੇਂ ‘ਰੋਡ ਟੂ ਰਿਕਵਰੀ’ ਪਾਇਲਟ ਪ੍ਰੋਜੈਕਟ ਵਿੱਚ ਜ਼ਰੂਰੀ ਤਰਜੀਹ ਦਿੱਤੇ ਗਏ ਲੋਕਾਂ ਲਈ ਡੀਟੌਕਸ ਬੈੱਡਾਂ ਲਈ 1 ਦਿਨ ਦਾ ਔਸਤ ਉਡੀਕ ਸਮਾਂ
ਇਲਾਜ ਅਤੇ ਰਿਕਵਰੀ ਸੇਵਾਵਾਂ ਵਿੱਚ ਸੁਧਾਰ ਅਤੇ ਵਿਸਤਾਰ ਕਰਨਾ
ਇਲਾਜ ਅਤੇ ਰਿਕਵਰੀ ਲਈ ਹਰ ਵਿਅਕਤੀ ਦਾ ਰਸਤਾ ਵੱਖਰਾ ਹੁੰਦਾ ਹੈ ਅਤੇ ਸਫ਼ਰ ਹਮੇਸ਼ਾ ਇੱਕੋ ਜਿਹਾ ਨਹੀਂ ਹੁੰਦਾ।
ਇਸ ਲਈ ਅਸੀਂ ਲੋਕਾਂ ਲਈ ਉਹ ਸੰਭਾਲ ਪ੍ਰਾਪਤ ਕਰਨਾ ਹੋਰ ਤੇਜ਼ ਅਤੇ ਹੋਰ ਆਸਾਨ ਬਣਾਉਣ ਲਈ ਕੰਮ ਕਰ ਰਹੇ ਹਾਂ ਜਿਸਦੀ ਉਨ੍ਹਾਂ ਨੂੰ ਲੋੜ ਹੈ, ਅਤੇ ਜਿੱਥੇ ਅਤੇ ਜਦੋਂ ਉਨ੍ਹਾਂ ਨੂੰ ਇਸਦੀ ਲੋੜ ਹੈ:
ਕਿਸੇ ਵਿਅਕਤੀ ਦੇ ਇਲਾਜ ਅਤੇ ਰਿਕਵਰੀ ਦੇ ਸਫ਼ਰ ਵਿੱਚ ਆਮ ਤੌਰ 'ਤੇ ਹੇਠ ਲਿਖਿਆਂ ਵਿੱਚੋਂ ਇੱਕ ਜਾਂ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ:
ਅਸੀਂ ਮਾਨਸਿਕ ਸਿਹਤ ਅਤੇ ਨਸ਼ੇ ਦੀ ਸੰਭਾਲ ਦਾ ਵਿਸਤਾਰ ਕਰਨ ਅਤੇ ‘ਰੋਡ ਟੂ ਰਿਕਵਰੀ’ ਵਰਗੇ ਨਵੇਂ ਤਰੀਕਿਆਂ ਰਾਹੀਂ ਸੰਭਾਲ ਦੀ ਨਿਰੰਤਰਤਾ ਨੂੰ ਮਜ਼ਬੂਤ ਕਰਨ ਲਈ $1 ਬਿਲੀਅਨ ਦਾ ਇਤਿਹਾਸਕ ਨਿਵੇਸ਼ ਕੀਤਾ ਹੈ, ਜੋ ਸੇਵਾਵਾਂ ਵਿੱਚ ਸੰਭਾਲ ਲਈ ਵਧੇਰੇ ਨਿਰਵਿਘਨ ਅਤੇ ਇੱਕੋ ਦਿਨ ਵਿੱਚ ਪਹੁੰਚ ਪ੍ਰਦਾਨ ਕਰਦਾ ਹੈ।
‘ਰੋਡ ਟੂ ਰਿਕਵਰੀ’ – ਇੱਕੋ ਦਿਨ ਵਿੱਚ ਸੰਭਾਲ ਤੱਕ ਪਹੁੰਚ
ਜਦੋਂ ਲੋਕ ਆਪਣੀ ਨਸ਼ੇ ਦੀ ਲਤ ਲਈ ਮਦਦ ਚਾਹੁੰਦੇ ਹਨ, ਤਾਂ ਹਰ ਪਲ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਹੀ ਕਾਰਨ ਹੈ ਕਿ ਅਸੀਂ ਲੋਕਾਂ ਲਈ ਨਵਾਂ ਰਸਤਾ ਅਪਣਾਉਣਾ ਹੋਰ ਤੇਜ਼ ਅਤੇ ਆਸਾਨ ਬਣਾਉਣ ਲਈ ਕਾਰਵਾਈ ਕਰ ਰਹੇ ਹਾਂ।
‘ਰੋਡ ਟੂ ਰਿਕਵਰੀ’ ਨਸ਼ੇ ਦੀ ਸੰਭਾਲ ਦਾ ਇੱਕ ਨਵਾਂ ਮਾਡਲ ਹੈ ਜੋ ਲੋਕਾਂ ਨੂੰ ਡੀਟੌਕਸ, ਇਲਾਜ ਅਤੇ ਰਿਕਵਰੀ ਸੇਵਾਵਾਂ ਰਾਹੀਂ ਨਿਰਵਿਘਨ ਮਦਦ ਮੁਹਈਆ ਕਰਦਾ ਹੈ।
‘ਰੋਡ ਟੂ ਰਿਕਵਰੀ’ ਮਾਡਲ ਨੂੰ ਪਹਿਲੀ ਵਾਰ 2023 ਵਿੱਚ ਵੈਨਕੂਵਰ ਵਿੱਚ ਲਾਂਚ ਕੀਤਾ ਗਿਆ ਸੀ। ਅਸੀਂ ਹੁਣ ਇਸ ਦਾ ਵਿਸਤਾਰ ਸੂਬੇ ਭਰ ਦੇ ਸਾਰੇ ਸਿਹਤ ਖੇਤਰਾਂ ਵਿੱਚ ਕਰ ਰਹੇ ਹਾਂ। ਇੱਕ ਵਾਰ ਪੂਰੀ ਤਰ੍ਹਾਂ ਲਾਂਚ ਹੋਣ ਤੋਂ ਬਾਅਦ, ਮਦਦ ਮੰਗਣ ਵਾਲੇ ਲੋਕ ਹੇਠ ਦਿੱਤੀਆਂ ਸੇਵਾਵਾਂ ਲਈ, ਆਪਣੇ ਖੇਤਰ ਵਿੱਚ ‘ਐਕਸੈਸ ਸੈਂਟਰਲ’ ਫੋਨ ਲਾਈਨ 'ਤੇ ਕੌਲ ਕਰ ਸਕਦੇ ਹਨ:
1 ਅਕਤੂਬਰ, 2023 ਤੋਂ 30 ਨਵੰਬਰ, 2024 ਦੇ ਵਿਚਕਾਰ ਵੈਨਕੂਵਰ ਐਕਸੈਸ ਸੈਂਟਰਲ ਰਾਹੀਂ 2,137 ਲੋਕਾਂ ਨੇ ਡੀਟੌਕਸ ਬੈੱਡਾਂ ਦੀ ਵਰਤੋਂ ਕੀਤੀ। ਉਹ ਲੋਕ ਜਿਨ੍ਹਾਂ ਨੂੰ ਫੌਰੀ ਮਦਦ ਦੀ ਲੋੜ ਸੀ, 1 ਦਿਨ ਦੇ ਅੰਦਰ ਬੈੱਡ ਤੱਕ ਪਹੁੰਚ ਕਰਨ ਦੇ ਸਮਰੱਥ ਸਨ।
ਓਪੀਔਇਡ ਦੀ ਲਤ ਦੇ ਇਲਾਜ ਲਈ ਤੇਜ਼ੀ ਨਾਲ ਪਹੁੰਚ
ਓਪੀਔਇਡ ਦੀ ਲਤ ਇੱਕ ਕਰੌਨਿਕ (ਚਿਰਕਾਲੀਨ) ਮੈਡੀਕਲ ਅਵਸਥਾ ਹੈ ਜੋ ਇਨ੍ਹਾਂ ਦੀ ਵਰਤੋਂ ਬੰਦ ਕਰਨਾ ਮੁਸ਼ਕਲ ਬਣਾਉਂਦੀ ਹੈ, ਪਰ ਅਜਿਹੇ ਇਲਾਜ ਉਪਲਬਧ ਹਨ ਜੋ ਮਦਦ ਕਰ ਸਕਦੇ ਹਨ।
ਓਪੀਔਇਡ ਐਗੋਨਿਸਟ ਇਲਾਜ ਕਿਸੇ ਸਿਖਲਾਈ ਪ੍ਰਾਪਤ ਡਾਕਟਰ ਜਾਂ ਨਰਸ ਦੁਆਰਾ ਪ੍ਰਿਸਕਰਾਈਬ ਕੀਤੀਆਂ ਦਵਾਈਆਂ (methadone, Suboxone, Kadian or Sublocade) ਦੀ ਵਰਤੋਂ ਕਰਦਾ ਹੈ ਜੋ ਸਰੀਰ ਵਿੱਚ ਹੌਲੀ-ਹੌਲੀ ਕੰਮ ਕਰਦੇ ਹਨ ਤਾਂ ਜੋ ਵਾਪਸ ਵਰਤੋਂ ਨੂੰ ਰੋਕਿਆ ਜਾ ਸਕੇ, ਲਾਲਸਾ ਨੂੰ ਘਟਾਇਆ ਜਾ ਸਕੇ ਅਤੇ ਓਵਰਡੋਜ਼ ਦੇ ਜੋਖਮ ਨੂੰ ਘੱਟ ਕੀਤਾ ਜਾ ਸਕੇ।
ਇਹ ਲੋਕਾਂ ਨੂੰ ਉਨ੍ਹਾਂ ਦੀ ਸਿਹਤ ਨੂੰ ਸਥਿਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਲੋਕਾਂ ਨੂੰ ਇਲਾਜ ਜਾਰੀ ਰੱਖਣ ਅਤੇ ਗੈਰਕਨੂੰਨੀ ਓਪੀਔਇਡ ਦੀ ਵਰਤੋਂ ਤੋਂ ਦੂਰ ਰਹਿਣ ਵਿੱਚ ਮਦਦ ਕਰਦਾ ਦੇਖਿਆ ਗਿਆ ਹੈ।
2021 ਵਿੱਚ, ਬੀ.ਸੀ. ਓਪੀਔਇਡ ਐਗੋਨਿਸਟ ਦਵਾਈਆਂ ਪ੍ਰਿਸਕਰਾਈਬ ਕਰਨ ਲਈ ਰਜਿਸਟਰਡ ਨਰਸਾਂ (RNs) ਅਤੇ ਰਜਿਸਟਰਡ ਮਨੋਵਿਗਿਆਨਿਕ (psychiatric) ਨਰਸਾਂ (RPNs) ਨੂੰ ਸਿਖਲਾਈ ਦੇਣ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ। ਸੂਬੇ ਭਰ ਵਿੱਚ 150 ਤੋਂ ਵੱਧ RNs ਅਤੇ RPNs ਲੋਕਾਂ ਨੂੰ ਇਸ ਜਾਨ ਬਚਾਉਣ ਵਾਲੇ ਇਲਾਜ ਤੱਕ ਪਹੁੰਚ ਕਰਨ ਵਿੱਚ ਮਦਦ ਕਰਨ ਲਈ ਪ੍ਰਮਾਣਿਤ ਹਨ।
ਹੈਲਥ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਸੇਵਾਵਾਂ ਵਿੱਚ ਵਾਧਾ
ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਸੰਭਾਲ, ਸਿਹਤ ਸੰਭਾਲ ਹੈ। ਇਹੀ ਕਾਰਨ ਹੈ ਕਿ ਅਸੀਂ ਹਲਕੇ ਤੋਂ ਦਰਮਿਆਨੇ ਚੁਣੌਤੀਆਂ ਵਾਲੇ ਲੋਕਾਂ ਲਈ ਉਨ੍ਹਾਂ ਹੈਲਥ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਅਜਿਹਾ ਕਰਕੇ ਲੋੜੀਂਦੀ ਸੰਭਾਲ ਪ੍ਰਾਪਤ ਕਰਨਾ ਹੋਰ ਆਸਾਨ ਬਣਾਉਣ ਲਈ ਕੰਮ ਕਰ ਰਹੇ ਹਾਂ, ਜਿੱਥੇ ਉਹ ਪਹਿਲਾਂ ਹੀ ਜਾਂਦੇ ਹਨ:
39 UPCC ਹੁਣ ਬੀ.ਸੀ. ਭਰ ਵਿੱਚ ਖੁੱਲ੍ਹੇ ਹਨ, ਅਤੇ 2025 ਦੇ ਅੰਤ ਤੱਕ ਲਗਭਗ 50 ਖੋਲ੍ਹਣ ਦੀ ਯੋਜਨਾ ਹੈ।
ਉਨ੍ਹਾਂ ਲੋਕਾਂ ਦੀ ਮਦਦ ਕਰਨਾ ਜੋ ਇੱਕੋ ਸਮੇਂ ‘ਤੇ ਕਈ ਅਵਸਥਾਵਾਂ ਤੋਂ ਪੀੜਤ ਹਨ (ਰੈੱਡ ਫਿਸ਼ ਹੀਲਿੰਗ ਸੈਂਟਰ)
ਜਦੋਂ ਕਿਸੇ ਵਿਅਕਤੀ ਨੂੰ ਇੱਕੋ ਸਮੇਂ ‘ਤੇ ਨਸ਼ੇ ਦੀ ਗੰਭੀਰ ਲਤ ਅਤੇ ਮਾਨਸਿਕ ਸਿਹਤ ਸੰਬੰਧੀ ਵਿਕਾਰ ਹੁੰਦੇ ਹਨ, ਤਾਂ ਉਨ੍ਹਾਂ ਨੂੰ ਦੋਵਾਂ ਲਈ ਵਿਸ਼ੇਸ਼ ਸੰਭਾਲ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਇੱਕ ਦੂਜੇ ਨੂੰ ਪ੍ਰਭਾਵਤ ਕਰਦੇ ਹਨ।
‘ਰੈੱਡ ਫਿਸ਼’ (Red Fish) ਸੰਭਾਲ ਦਾ ਇੱਕ ਅਜਿਹਾ ਮਾਡਲ ਹੈ ਜੋ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਦਾ ਵਿਸ਼ੇਸ਼ ਇਲਾਜ ਇਕੱਠੇ ਪ੍ਰਦਾਨ ਕਰਦਾ ਹੈ।
ਇਹ ਅਜ਼ਮਾਈ ਹੋਈ ਪਹੁੰਚ ਗੰਭੀਰ ਅਤੇ ਨਿਰੰਤਰ ਚੁਣੌਤੀਆਂ ਵਾਲੇ ਉਨ੍ਹਾਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਦੀ ਹੈ ਜਿਨ੍ਹਾਂ ਦਾ ਹੋਰ ਪ੍ਰੋਗਰਾਮਾਂ ਦੁਆਰਾ ਸਫਲਤਾਪੂਰਵਕ ਇਲਾਜ ਨਹੀਂ ਕੀਤਾ ਗਿਆ ਹੈ। ਇਹ ਉਨ੍ਹਾਂ ਲੋਕਾਂ ਲਈ ਸੇਵਾਵਾਂ ਵਿੱਚ ਉਨ੍ਹਾਂ ਅਹਿਮ ਕਮੀਆਂ ਨੂੰ ਵੀ ਦੂਰ ਕਰਦੀ ਹੈ, ਜੋ ਅਕਸਰ ਲੋੜੀਂਦੀ ਮਦਦ ਪ੍ਰਾਪਤ ਕਰਨ ਦੀ ਬਜਾਏ ਹਿਰਾਸਤ ਜਾਂ ਐਮਰਜੈਂਸੀ ਵਿਭਾਗਾਂ ਵਿੱਚ ਭੇਜ ਦਿੱਤੇ ਜਾਂਦੇ ਹਨ।
ਸ਼ੁਰੂ ਵਿੱਚ ਕੋਕੁਇਟਲਮ ਵਿੱਚ ‘ਰੈੱਡ ਫਿਸ਼ ਹੀਲਿੰਗ ਸੈਂਟਰ’ (Red Fish Healing Centre) ਲਾਂਚ ਕੀਤਾ ਗਿਆ, ਅਤੇ ਅਸੀਂ ‘ਰੈੱਡ ਫਿਸ਼ ਮਾਡਲ’ ਨੂੰ ਹੋਰ ਥਾਵਾਂ 'ਤੇ ਵਧਾਉਣ ਲਈ ਕੰਮ ਕਰ ਰਹੇ ਹਾਂ ਤਾਂ ਜੋ ਵਧੇਰੇ ਲੋਕ ਘਰ ਦੇ ਨੇੜੇ ਸੰਭਾਲ ਤੱਕ ਪਹੁੰਚ ਕਰ ਸਕਣ।
ਰੈੱਡ ਫਿਸ਼ ਹੀਲਿੰਗ ਸੈਂਟਰ:
ਰੈੱਡ ਫਿਸ਼ ਤੋਂ ਸੇਵਾਵਾਂ ਲੈਣ ਵਾਲੇ 86.84% ਲੋਕਾਂ ਨੇ ਦਾਖਲੇ ਅਤੇ ਡਿਸਚਾਰਜ ਦੇ ਸਮੇਂ ਵਿਚਕਾਰ ਮਾਨਸਿਕ ਸਿਹਤ ਵਿੱਚ ਸੁਧਾਰ ਦੀ ਰਿਪੋਰਟ ਕੀਤੀ।
ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਦੀ ਜ਼ਹਿਰੀਲੇ ਨਸ਼ਿਆਂ ਵਿਰੁੱਧ ਮਦਦ ਕਰਨਾ
ਜ਼ਹਿਰੀਲੇ ਨਸ਼ਿਆਂ ਦੇ ਸੰਕਟ ਦਾ ਇਕ ਹੋਰ ਪੱਖ, ਜਿਸ ਬਾਰੇ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ, ਉਹ ਹੈ ਜ਼ਹਿਰੀਲੇ ਓਪੀਔਇਡ ਅਤੇ ਵਾਰ-ਵਾਰ ਓਵਰਡੋਜ਼ ਦੇ ਦਿਮਾਗ 'ਤੇ ਲੰਬੇ ਸਮੇਂ ਦੌਰਾਨ ਪੈਣ ਵਾਲੇ ਪ੍ਰਭਾਵ।
ਓਵਰਡੋਜ਼ ਦੌਰਾਨ ਦਿਮਾਗ ਔਕਸੀਜਨ ਤੋਂ ਵਾਂਝਾ ਰਹਿ ਜਾਂਦਾ ਹੈ। ਜੇ ਓਵਰਡੋਜ਼ ਦਾ ਅਸਰ ਜਲਦੀ ਉਲਟਾ ਨਹੀਂ ਕੀਤਾ ਜਾਂਦਾ ਜਾਂ ਵਾਰ-ਵਾਰ ਵਾਪਰਦੀ ਹੈ, ਤਾਂ ਇਹ ਦਿਮਾਗ ਦੀ ਸੱਟ ਦਾ ਕਾਰਨ ਬਣ ਸਕਦਾ ਹੈ, ਜੋ ਹੋ ਸਕਦਾ ਹੈ:
ਜੋਖਮ ਪ੍ਰਤੀ ਕਮਜ਼ੋਰ ਲੋਕਾਂ ਦੀ ਇਸ ਵਧਦੀ ਅਬਾਦੀ ਨੂੰ ਸਹਾਇਤਾ ਦੇ ਇੱਕ ਸਾਂਝੇ ਸਿਸਟਮ ਦੀ ਲੋੜ ਹੈ ਜੋ ਉਨ੍ਹਾਂ ਦੀਆਂ ਵਿਲੱਖਣ ਸਿਹਤ, ਰਿਹਾਇਸ਼, ਸੱਭਿਆਚਾਰਕ ਅਤੇ ਸਮਾਜਿਕ ਲੋੜਾਂ ਨੂੰ ਪੂਰਾ ਕਰਦੀ ਹੈ:
ਹੋਰ ਤਰੀਕੇ ਜਿਨ੍ਹਾਂ ਨਾਲ ਅਸੀਂ ਮਦਦ ਕਰ ਰਹੇ ਹਾਂ
ਗੰਭੀਰ, ਲੰਬੀ ਮਿਆਦ ਵਾਲੀਆਂ ਇੱਕੋ ਸਮੇਂ ‘ਤੇ ਕਈ ਅਵਸਥਾਵਾਂ ਤੋਂ ਪੀੜਤ ਲੋਕਾਂ ਲਈ ਸੰਭਾਲ
ਅੱਜ-ਕੱਲ੍ਹ ਨਸ਼ੀਲੇ ਪਦਾਰਥਾਂ ਦੀ ਸਪਲਾਈ ਬੇਹੱਦ ਜ਼ਹਿਰੀਲੀ ਹੈ। ਜਿਸ ਤਰ੍ਹਾਂ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਵਿੱਚ ਤਬਦੀਲੀ ਆਈ ਹੈ, ਵਧੇਰੇ ਗਿਣਤੀ ਵਿੱਚ ਲੋਕ ਹੁਣ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਲਤ ਦੇ ਗੰਭੀਰ ਮੁੱਦਿਆਂ ਦਾ ਸਾਹਮਣਾ ਕਰ ਰਹੇ ਹਨ, ਅਤੇ ਇਸ ਵਿੱਚ ਵਾਰ-ਵਾਰ ਓਵਰਡੋਜ਼ ਕਾਰਣ ਵਾਪਰੀਆਂ ਦਿਮਾਗੀ ਸੱਟਾਂ ਵੀ ਸ਼ਾਮਲ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਆਪ ਲਈ ਜਾਂ ਦੂਜਿਆਂ ਲਈ ਖਤਰਾ ਹਨ, ਅਤੇ ਇਹ ਲੋਕ ਆਪਣੀ ਸੰਭਾਲ ਬਾਰੇ ਫੈਸਲੇ ਨਹੀਂ ਲੈ ਸਕਦੇ।
ਇਸੇ ਲਈ ਅਸੀਂ ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ, ਲੋੜੀਂਦੀ ਹਮਦਰਦੀ ਭਰੀ ਅਤੇ ਸੁਰੱਖਿਅਤ ਸੰਭਾਲ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕ ਰਹੇ ਹਾਂ, ਤਾਂਕਿ ਸਾਡੇ ਭਾਈਚਾਰਿਆਂ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ।
ਸੁਰੱਖਿਅਤ ਸੰਭਾਲ ਪ੍ਰਦਾਨ ਕਰਨ ਲਈ ਬੀ.ਸੀ. ਦੀਆਂ ਕਾਰਵਾਈਆਂ ਬਾਰੇ ਹੋਰ ਜਾਣੋ
ਅਸਰਟਿਵ ਕਮਿਊਨਿਟੀ ਟ੍ਰੀਟਮੈਂਟ ਟੀਮਾਂ (Assertive Community Treatment Teams)
ਅਸਰਟਿਵ ਕਮਿਊਨਿਟੀ ਟ੍ਰੀਟਮੈਂਟ ਟੀਮਾਂ ਇੱਕੋ ਸਮੇਂ ‘ਤੇ ਕਈ ਅਵਸਥਾਵਾਂ ਤੋਂ ਪੀੜਤ ਲੋਕਾਂ ਜਾਂ ਗੁੰਝਲਦਾਰ ਮਾਨਸਿਕ ਸਿਹਤ ਚੁਣੌਤੀ ਵਾਲੇ ਲੋਕਾਂ ਨੂੰ ਵਧੇਰੇ ਸੰਭਾਲ ਅਤੇ ਸਹਾਇਤਾ ਪ੍ਰਦਾਨ ਕਰਦੀਆਂ ਹਨ।
ਟੀਮਾਂ:
ਫ਼ਰਵਰੀ 2025 ਤੱਕ, 34 ਟੀਮਾਂ ਹਨ ਜੋ ਪ੍ਰਤੀ ਮਹੀਨਾ ਲਗਭਗ 2,200 ਲੋਕਾਂ ਦੀ ਦੇਖਭਾਲ ਕਰ ਰਹੀਆਂ ਹਨ।
ਇੰਡੀਜਨਸ ਅਗਵਾਈ ਵਾਲੀਆਂ ਪਹਿਲਕਦਮੀਆਂ
ਬੀ.ਸੀ. ਵਿੱਚ, ਫਰਸਟ ਨੇਸ਼ਨਜ਼ ਦੇ ਲੋਕਾਂ ਵਿੱਚ ਜ਼ਹਿਰੀਲੀ ਨਸ਼ਿਆਂ ਦੀ ਓਵਰਡੋਜ਼ ਨਾਲ ਮਰਨ ਦੀ ਸੰਭਾਵਨਾ ਲਗਭਗ 6 ਗੁਣਾ ਵੱਧ ਹੈ। ਇਹ ਬਸਤੀਵਾਦ ਅਤੇ ਨਸਲਵਾਦ ਤੋਂ ਚੱਲ ਰਹੇ ਅਤੇ ਅੰਤਰ-ਪੀੜ੍ਹੀ ਸਦਮੇ ਦੇ ਕਾਰਨ ਹੈ।
ਇੰਡੀਜਨਸ (ਮੂਲ ਨਿਵਾਸੀ) ਭਾਈਚਾਰਿਆਂ ਨੂੰ ਅਜਿਹੇ ਪ੍ਰੋਗਰਾਮਾਂ ਅਤੇ ਸੇਵਾਵਾਂ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਦੇ ਹਨ ਅਤੇ ਇਹ ਨਿਰਧਾਰਤ ਕਰਨ ਲਈ ਸਭ ਤੋਂ ਵਧੀਆ ਸਥਿਤੀ ਵਿੱਚ ਹਨ ਕਿ ਉਨ੍ਹਾਂ ਲਈ ਕਿਹੜੀਆਂ ਸੇਵਾਵਾਂ ਸਹੀ ਹਨ।
ਅਸੀਂ ਇੰਡੀਜਨਸ ਅਗਵਾਈ ਵਾਲੀਆਂ ਸੇਵਾਵਾਂ ਉਪਲਬਧ ਕਰਵਾਉਣ ਦਾ ਸਮਰਥਨ ਕਰਨ ਅਤੇ ਸੱਭਿਆਚਾਰਕ ਤੌਰ 'ਤੇ ਢੁਕਵੇਂ ਸਰੋਤਾਂ ਤੱਕ ਪਹੁੰਚ ਵਧਾਉਣ ਲਈ ਫਰਸਟ ਨੇਸ਼ਨਜ਼ ਹੈਲਥ ਅਥੌਰਿਟੀ ਅਤੇ ਮੇਟੀ ਨੇਸ਼ਨ ਬੀ ਸੀ (Métis Nation BC) ਨਾਲ ਕੰਮ ਕਰ ਰਹੇ ਹਾਂ:
‘ਹੋਪ ਟੂ ਹੈਲਥ ਕਲੀਨਿਕ’ (Hope to Health Clinic) ਦਾ ਵਿਸਤਾਰ
ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਗੁੰਝਲਦਾਰ ਮਾਨਸਿਕ ਸਿਹਤ ਅਤੇ ਨਸ਼ੇ ਦੀਆਂ ਚੁਣੌਤੀਆਂ ਹਨ, ਉਹ ਆਪਣੀ ਜ਼ਿੰਦਗੀ ਨੂੰ ਸਥਿਰ ਕਰਨ ਅਤੇ ਉਮੀਦ ਅਤੇ ਇਲਾਜ ਦਾ ਰਸਤਾ ਲੱਭਣ ਲਈ ਲੋੜੀਂਦੀ ਸੰਭਾਲ ਤੱਕ ਪਹੁੰਚ ਕਰਨ ਲਈ ਸੰਘਰਸ਼ ਕਰਦੇ ਹਨ।
ਅਸੀਂ ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿੱਚ ‘ਹੋਪ ਟੂ ਹੈਲਥ’ ਕਲੀਨਿਕ ਦਾ ਵਿਸਤਾਰ ਕਰ ਰਹੇ ਹਾਂ ਤਾਂ ਜੋ ਇਹ ਗੁੰਝਲਦਾਰ ਲੋੜਾਂ ਵਾਲੇ 1,000 ਹੋਰ ਲੋਕਾਂ ਤੱਕ ਪਹੁੰਚ ਸਕੇ, ਅਤੇ ਸੰਭਾਵਤ ਤੌਰ 'ਤੇ ਸੂਬੇ ਭਰ ਦੇ ਹੋਰ ਭਾਈਚਾਰਿਆਂ ਵਿੱਚ ਸੰਭਾਲ ਦੇ ਇਸ ਅਜ਼ਮਾਏ ਮਾਡਲ ਦਾ ਵਿਸਤਾਰ ਕਰ ਸਕੇ।
ਹੋਪ ਟੂ ਹੈਲਥ ਕਲੀਨਿਕ:
ਹੋਪ ਟੂ ਹੈਲਥ ਕਲੀਨਿਕ ਅਤੇ ਪਹੁੰਚ ਬਾਰੇ ਹੋਰ ਜਾਣੋ
ਹੋਪ ਟੂ ਹੈਲਥ ਕਲੀਨਿਕ ਦੇ ਵਿਸਤਾਰ ਤੋਂ ਬਾਅਦ 2,800 ਲੋਕ ਸੰਭਾਲ ਅਤੇ ਰੈਪਅਰਾਊਂਡ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ।
ਰਿਕਵਰੀ ਅਤੇ ਤੰਦਰੁਸਤੀ ਨੂੰ ਲਗਾਤਾਰ ਬਣਾਏ ਰੱਖਣ ਲਈ ਰਸਤਾ ਇਲਾਜ 'ਤੇ ਖਤਮ ਨਹੀਂ ਹੋ ਜਾਂਦਾ। ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਲਈ ਲੋੜੀਂਦੀ, ਲਗਾਤਾਰ ਸਹਾਇਤਾ ਮਿਲਣ ਵਿੱਚ ਮਦਦ ਕਰਨ ਲਈ ਇਲਾਜ ਤੋਂ ਬਾਅਦ ਦੀਆਂ ਸੇਵਾਵਾਂ (aftercare services) ਮਹੱਤਵਪੂਰਨ ਹਨ। ਇਸੇ ਲਈ ਅਸੀਂ ਸੇਵਾਵਾਂ ਦਾ ਵਿਸਤਾਰ ਕਰ ਰਹੇ ਹਾਂ ਤਾਂ ਕਿ ਜਿਹੜੇ ਲੋਕ ਰਿਕਵਰੀ ਵਿੱਚ ਹਨ ਉਹ ‘ਪੀਅਰ ਸੁਪੋਰਟ’ (ਉਹ ਪ੍ਰਕਿਰਿਆ ਜਿਸ ਰਾਹੀਂ ਲੋਕ ਇੱਕੋ ਜਿਹੇ ਤਜਰਬੇ ਸਾਂਝੇ ਕਰਦੇ ਹੋਏ, ਉਹਨਾਂ ਦੇ ਆਧਾਰ 'ਤੇ ਮਦਦ ਪ੍ਰਾਪਤ ਕਰਦੇ ਹਨ) ਰਾਹੀਂ, ਜੀਵਨ ਦੇ ਹੁਨਰ ਸਿੱਖਣ ਵਾਲੇ ਪ੍ਰੋਗਰਾਮਾਂ (life-skills programs) ਰਾਹੀਂ ਅਤੇ ਨਸ਼ੇ ਦੀ ਲਤ ਦੇ ਮੁੜ ਸ਼ਿਕਾਰ ਹੋਣ ਤੋਂ ਰੋਕਥਾਮ ਰਾਹੀਂ, ਸੰਪਰਕ ਬਣਾ ਸਕਣ, ਮੁਸ਼ਕਲਾਂ ਵਿੱਚੋਂ ਮੁੜ ਉੱਭਰਨ ਦੀ ਸ਼ਕਤੀ ਜੁਟਾ ਸਕਣ ਅਤੇ ਤੰਦਰੁਸਤ ਹੋ ਸਕਣ।
‘ਕੰਪਲੈਕਸ ਕੇਅਰ ਹਾਊਸਿੰਗ’ ਸੇਵਾਵਾਂ ਦੀ ਲੋੜ ਵਾਲੇ ਲੋਕਾਂ ਦੀ ਸਹਾਇਤਾ ਲਈ 543 ਥਾਂਵਾਂ ਉਪਲਬਧ ਹਨ।
ਦਸੰਬਰ 2024 ਤੱਕ, ਵੈਨਕੂਵਰ ਵਿੱਚ ‘ਰਿਕਵਰੀ ਕਮਿਊਨਿਟੀ ਸੈਂਟਰ’ (Recovery Community Centre) ਦੀਆਂ ਸੇਵਾਵਾਂ ਲਈ 1310+ ਲੋਕ ਸਾਈਨ-ਅੱਪ ਕਰ ਚੁੱਕੇ ਹਨ
ਅਪ੍ਰੈਲ 2020 ਅਤੇ ਜਨਵਰੀ 2025 ਦੇ ਵਿਚਕਾਰ, careforcaregivers.ca ਵੈਬਸਾਈਟ ਦੇ 265,000+ ਵਿਊਜ਼ ਹਨ
ਕੰਪਲੈਕਸ ਕੇਅਰ ਹਾਊਸਿੰਗ (Complex Care Housing)
ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਦੀਆਂ ਗੁੰਝਲਦਾਰ ਚੁਣੌਤੀਆਂ ਵਾਲੇ ਕੁਝ ਲੋਕਾਂ ਨੂੰ ਆਪਣੀ ਰਿਹਾਇਸ਼ ਨੂੰ ਬਰਕਰਾਰ ਰੱਖਣ, ਜਾਂ ਘਰ ਖਾਲੀ ਕਰਵਾਉਣ ਜਾਂ ਬੇਘਰ ਹੋਣ ਦੇ ਜੋਖਮ ਦਾ ਸਾਹਮਣਾ ਕਰਨ ਵੇਲੇ ਵਧੇਰੇ ਸਹਾਇਤਾ ਦੀ ਲੋੜ ਹੁੰਦੀ ਹੈ।
‘ਕੰਪਲੈਕਸ ਕੇਅਰ ਹਾਊਸਿੰਗ’ (Complex Care Housing) ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦੀਆਂ ਮਾਨਸਿਕ ਸਿਹਤ ਅਤੇ ਨਸ਼ੇ ਦੀਆਂ ਚੁਣੌਤੀਆਂ ਆਪਸ ਵਿੱਚ ਜੁੜੀਆਂ ਹਨ, ਦੀ ਰਹਿਣ ਵਾਲੀ ਥਾਂ ‘ਤੇ ਹੀ ਉਪਲਬਧ ਸਹਾਇਤਾ ਦੇ ਨਾਲ ਸਥਿਰ ਰਿਹਾਇਸ਼ਾਂ ਪ੍ਰਦਾਨ ਕਰਕੇ ਅਤੇ ਉਨ੍ਹਾਂ ਦੇ ਆਪਣੇ ਘਰ ਵਿੱਚ ਹੀ ਸੰਗਠਿਤ (ਰੈਪ ਅਰਾਊਂਡ) ਸਿਹਤ ਸੇਵਾਵਾਂ ਦੇ ਨਾਲ ਮਦਦ ਕਰਦੀ ਹੈ।
ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਬੀ.ਸੀ. ਵਿੱਚ ਹਰ ਕਿਸੇ ਲਈ ਇੱਕ ਅਜਿਹੀ ਜਗ੍ਹਾ ਤੱਕ ਪਹੁੰਚ ਹੋਵੇ ਜਿੱਥੇ ਉਹ ਸੁਰੱਖਿਅਤ ਮਹਿਸੂਸ ਕਰਨ ਸਕਣ ਅਤੇ ਸਨਮਾਨ ਪੂਰਵਕ ਰਹਿ ਸਕਣ।
2025 ਤੱਕ, 500 ਲੋਕਾਂ ਲਈ ਹਾਊਸਿੰਗ ਸੇਵਾਵਾਂ ਪ੍ਰਦਾਨ ਕਰਨ ਦੇ ਟੀਚੇ ਨਾਲ, ਅਸੀਂ ‘ਕੰਪਲੈਕਸ ਕੇਅਰ ਹਾਊਸਿੰਗ’ ਬਣਾਉਣ ਦੀ ਸ਼ੁਰੂਆਤ 2022 ਵਿੱਚ ਕੀਤੀ ਸੀ। ਅਸੀਂ 2023 ਵਿੱਚ ਪ੍ਰੋਗਰਾਮ ਨੂੰ ਅੱਗੇ ਵਧਾਇਆ, ਜਿਸ ਵਿੱਚ ਹੋਮਜ਼ ਫ਼ੌਰ ਪੀਪਲ (Homes for People) ਯੋਜਨਾ ਦੇ ਹਿੱਸੇ ਵਜੋਂ, ਖਾਸ ਉਦੇਸ਼ ਨਾਲ ਬਣਾਏ ਜਾਣ ਵਾਲੀ ‘ਕੰਪਲੈਕਸ ਕੇਅਰ ਹਾਊਸਿੰਗ’ ਦੇ 240 ਨਵੇਂ ਯੂਨਿਟਾਂ ਦਾ ਐਲਾਨ ਕੀਤਾ ਗਿਆ ਸੀ।
ਜਨਵਰੀ 2025 ਤੱਕ, ‘ਕੰਪਲੈਕਸ ਕੇਅਰ ਹਾਊਸਿੰਗ’ ਸੇਵਾਵਾਂ ਦੀ ਲੋੜ ਵਾਲੇ ਲੋਕਾਂ ਦੀ ਸਹਾਇਤਾ ਲਈ 543 ਥਾਂਵਾਂ ਉਪਲਬਧ ਹਨ।
ਰਿਕਵਰੀ ਕਮਿਊਨਟੀ ਸੈਂਟਰ (Recovery Community Centres)
ਬਹੁਤ ਸਾਰੇ ਲੋਕ ਜਦੋਂ ਇਲਾਜ ਖਤਮ ਹੋਣ ਤੋਂ ਬਾਅਦ ਘਰ ਵਾਪਸ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਮਿਊਨਿਟੀ ਵਿੱਚ ਲਗਾਤਾਰ ਮਿਲਣ ਵਾਲੀ ਸਹਾਇਤਾ ਦੀ ਲੋੜ ਹੁੰਦੀ ਹੈ।
2022 ਤੋਂ ਲੈ ਕੇ ਹੁਣ ਤੱਕ, ਅਸੀਂ ਵੈਨਕੂਵਰ ਵਿੱਚ ‘ਰਿਕਵਰੀ ਕਮਿਊਨਿਟੀ ਸੈਂਟਰਾਂ’ (Recovery Community Centres) ਦੀਆਂ 3 ਲੋਕੇਸ਼ਨਾਂ ਲਈ ਫੰਡ ਦਿੱਤੇ ਹਨ। ਅਸੀਂ ਹੁਣ ਇਸ ਮੌਡਲ ਨੂੰ ਫਰੇਜ਼ਰ, ਇਨਟਿਰੀਅਰ, ਆਇਲੈਂਡ ਅਤੇ ਨੌਰਦਰਨ ਹੈਲਥ ਦੇ ਇਲਾਕਿਆਂ ਵਿੱਚ, ਉੱਥੋਂ ਦੇ ਭਾਈਚਾਰਿਆਂ ਤੱਕ ਵਧਾ ਰਹੇ ਹਾਂ।
‘ਰਿਕਵਰੀ ਕਮਿਊਨਿਟੀ ਸੈਂਟਰਾਂ’ ‘ਤੇ ਮੇਹਨਤੀ ਵਰਕਰਾਂ ਵੱਲੋਂ ਰਿਕਵਰੀ ਲਈ ਕਮਿਊਨਿਟੀ-ਅਧਾਰਤ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਉਹਨਾਂ ਦੀ ਰਿਕਵਰੀ ਲਈ ਹੇਠ ਲਿਖੇ ਤਰੀਕਿਆਂ ਨਾਲ ਲਗਾਤਾਰ ਸਹਾਇਤਾ ਕੀਤੀ ਜਾ ਸਕੇ:
ਦਸੰਬਰ 2024 ਤੱਕ, ਵੈਨਕੂਵਰ ਵਿੱਚ ਰਿਕਵਰੀ ਕਮਿਊਨਿਟੀ ਸੈਂਟਰਾਂ ਲਈ 1,310 + ਲੋਕ ਸਾਈਨ-ਅੱਪ ਕਰ ਚੁੱਕੇ ਹਨ।
‘ਕੇਅਰ ਫ਼ੌਰ ਕੇਅਰਗਿਵਰਸ’ (Care for Caregivers) ਅਤੇ ‘ਕੇਅਰ ਟੂ ਸਪੀਕ’ (Care to Speak)
ਮਹਾਂਮਾਰੀ ਅਤੇ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਦੌਰਾਨ ਹੈਲਥ ਕੇਅਰ ਵਰਕਰ, ਲੋਕਾਂ ਦੀ ਮਦਦ ਕਰਨ ਲਈ ਸਭ ਤੋਂ ਅੱਗੇ ਰਹੇ ਹਨ।
ਹੁਣ ਜਦੋਂ ਹੈਲਥ ਕੇਅਰ ਵਰਕਰਾਂ ਨੂੰ ਮਦਦ ਦੀ ਲੋੜ ਹੈ ਤਾਂ ਉਨ੍ਹਾਂ ਕੋਲ ਜਾਣ ਲਈ ਇੱਕ ਸੁਰੱਖਿਅਤ ਜਗ੍ਹਾ ਮੌਜੂਦ ਹੈ।
‘ਕੇਅਰ ਟੂ ਸਪੀਕ’ (Care to Speak) ਹੈਲਥ ਕੇਅਰ ਅਤੇ ਕਮਿਊਨਿਟੀ ਸੋਸ਼ਲ ਸਰਵਿਸਿਜ਼ ਦੇ ਕਰਮਚਾਰੀਆਂ ਲਈ ਇੱਕ ਅਜਿਹੀ ਪਹਿਲਕਦਮੀ ਹੈ ਜਿਸ ਵਿੱਚ ਸ਼ਾਮਲ ਹਨ:
ਸੰਭਾਲ ਤੱਕ ਪਹੁੰਚ ਕਰਨ ਲਈ ਇੱਥੇ ਜਾਓ: CareforCaregivers.ca
ਇਸ ਸੇਵਾ ਦੀ ਵਰਤੋਂ ਕਰਨ ਵਾਲੇ ਜ਼ਿਆਦਾਤਰ ਲੋਕ ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਣ ਬਾਰੇ ਦੱਸਦੇ ਹਨ ਅਤੇ ਉਹ ਕਹਿੰਦੇ ਹਨ ਕਿ ਉਹ ਇਸ ਸੇਵਾ ਤੱਕ ਦੁਬਾਰਾ ਪਹੁੰਚ ਕਰਨਗੇ
ਕੰਮ ਦੀ ਥਾਂ ਸੰਬੰਧੀ ਮਾਨਸਿਕ ਸਿਹਤ
ਕੰਮ ਦੀਆਂ ਥਾਵਾਂ ਵਧੀਆ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਅਤੇ ਉਸ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ।
ਅਸੀਂ ‘ਕਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਬੀ ਸੀ ਡਿਵੀਜ਼ਨ’ (Canadian Mental Health Association BC Division), ਵਰਕ ਸੇਫ ਬੀ ਸੀ (WorkSafeBC), ਹੈਲਥ ਐਂਡ ਸੇਫ਼ਟੀ ਐਸੋਸੀਏਸ਼ਨਜ਼ (Health and Safety Associations) ਅਤੇ ਲੇਬਰ ਸੰਸਥਾਵਾਂ ਵਰਗੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਬੀ.ਸੀ. ਵਿੱਚ ਕੰਮ ਦੀਆਂ ਥਾਵਾਂ ਦੇ ਮਹੌਲ ਨੂੰ ਬਿਹਤਰ ਬਣਾਇਆ ਜਾ ਸਕੇ, ਜਿਸ ਵਿੱਚ ਸ਼ਾਮਲ ਹਨ:
"ਅਸੀਂ ਪਹਿਲਾਂ ਅਜਿਹਾ ਕੁਝ ਨਹੀਂ ਦੇਖਿਆ, ਅਤੇ ਮੈਂ ਇਹ ਮਹਿਸੂਸ ਕੀਤਾ ਹੈ ਕਿ ਇਹ ਸਾਡੇ ਲਈ ਬੇਹੱਦ ਪ੍ਰਭਾਵਸ਼ਾਲੀ ਅਤੇ ਸਹਾਇਕ ਹੈ ਕਿ ਇਹੋ ਜਿਹੀ ਕੋਈ ਜਗ੍ਹਾ ਅਸਲ ਵਿੱਚ ਉਪਲਬਧ ਹੈ।" - ਹੱਬ ਕਲਾਇੰਟ
ਨਸ਼ੇ ਦੀ ਲਤ ਇੱਕ ਸਿਹਤ ਸਮੱਸਿਆ ਹੈ। ਜਦੋਂ ਲੋਕ ਸੰਕਟ ਵਿੱਚ ਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੀਆਂ ਚੁਣੌਤੀਆਂ ਦੇ ਮੂਲ ਕਾਰਨਾਂ - ਮਾਨਸਿਕ ਸਿਹਤ, ਸਦਮਾ, ਗਰੀਬੀ ਅਤੇ ਬੇਘਰੀ ਨੂੰ ਹੱਲ ਕਰਨ ਲਈ, ਸਿਖਲਾਈ ਪ੍ਰਾਪਤ ਮਾਨਸਿਕ ਸਿਹਤ ਪੇਸ਼ੇਵਰਾਂ ਤੋਂ ਸੰਭਾਲ ਅਤੇ ਸਹਾਇਤਾ ਦੀ ਲੋੜ ਹੁੰਦੀ ਹੈ।
ਇਸ ਲਈ ਅਸੀਂ ਲੋਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੇ ਹਾਂ, ਤਾਂ ਜੋ ਉਹ ਸਿਲਸਿਲੇ ਨੂੰ ਤੋੜ ਸਕਣ ਅਤੇ ਪੂਰਾ, ਸਿਹਤਮੰਦ ਜੀਵਨ ਜੀ ਸਕਣ।
ਸਾਲ 2024 ਵਿੱਚ ਕ੍ਰਾਇਸਿਸ ਰਿਸਪੌਂਸ, ਕਮਿਊਨਿਟੀ-ਲੈਡ (ਭਾਈਚਾਰਕ ਅਗਵਾਈ-ਹੇਠ) ਦੁਆਰਾ 5,882 ਸੰਕਟ ਸੰਬੰਧੀ ਕੌਲਾਂ ਦਾ ਜਵਾਬ ਦਿੱਤਾ ਗਿਆ
‘ਸਿਚੁਏਸ਼ਨ ਟੇਬਲ’ ਵਿਚਾਰ ਵਟਾਂਦਰੇ ਵਿੱਚ ਸ਼ਾਮਲ 70٪ ਲੋਕਾਂ ਨੇ 2023 ਵਿੱਚ ਓਵਰਡੋਜ਼, ਸ਼ੋਸ਼ਣ ਜਾਂ ਨੁਕਸਾਨ ਦੇ ਜੋਖਮ ਨੂੰ ਘਟਾਇਆ
6,000 ਲੋਕ ਅਤੇ ਪਰਿਵਾਰ ਹੁਣ ਬੀ.ਸੀ. ਭਰ ਵਿੱਚ ਨਵੇਂ ਸੁਪੋਰਟਿਵ ਅਤੇ ਕੌਂਪਲੈਕਸ ਕੇਅਰ ਹੋਮਜ਼ ਵਿੱਚ ਰਹਿ ਰਹੇ ਹਨ।
ਕ੍ਰਾਇਸਿਸ ਰਿਸਪੌਂਸ, ਕਮਿਊਨਿਟੀ-ਲੈਡ
ਜਦੋਂ ਲੋਕ ਮਾਨਸਿਕ ਸਿਹਤ ਜਾਂ ਨਸ਼ੇ ਦੀਆਂ ਚੁਣੌਤੀਆਂ ਕਾਰਨ ਸੰਕਟ ਵਿੱਚ ਹੁੰਦੇ ਹਨ, ਤਾਂ ਅਸੀਂ ਜਾਣਦੇ ਹਾਂ ਕਿ ਪੁਲਿਸ ਦੀ ਸ਼ਮੂਲੀਅਤ ਹਮੇਸ਼ਾ ਸਭ ਤੋਂ ਢੁਕਵੀਂ ਪ੍ਰਤੀਕਿਰਿਆ ਨਹੀਂ ਹੁੰਦੀ ਅਤੇ ਲੋਕਾਂ ਨੂੰ ਮਦਦ ਲੈਣ ਤੋਂ ਰੋਕ ਸਕਦੀ ਹੈ।
ਇਸ ਲਈ ਅਸੀਂ ਵਧੇਰੇ ਭਾਈਚਾਰਿਆਂ ਵਿੱਚ ਨਾਗਰਿਕਾਂ ਦੀ ਅਗਵਾਈ ਵਾਲੀਆਂ ਸੰਭਾਲ ਟੀਮਾਂ ਦਾ ਵਿਸਤਾਰ ਕਰ ਰਹੇ ਹਾਂ।
ਇਹ ਪਹਿਲਕਦਮੀ ਇੱਕ ਸਿਖਲਾਈ ਪ੍ਰਾਪਤ ਪੀਅਰ (ਸਾਥੀ) ਨੂੰ, ਜਿਸ ਦਾ ਸੰਕਟ ਵਿੱਚ ਫਸੇ ਲੋਕਾਂ ਨੂੰ ਹਮਦਰਦੀ ਨਾਲ ਟਰੌਮਾ-ਇਨਫ਼ੌਰਮਡ (ਕਿਸੇ ਸਦਮੇ ਦੇ ਭਾਵਨਾਤਮਕ ਅਤੇ ਮਾਨਸਿਕ ਸਿਹਤ ਸੰਬੰਧੀ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ) ਸੰਭਾਲ ਪ੍ਰਦਾਨ ਕਰਨ ਲਈ ਮਾਨਸਿਕ ਸਿਹਤ ਪੇਸ਼ੇਵਰ ਨਾਲ ਨਿੱਜੀ ਤਜਰਬਾ ਹੈ, ਨਾਲ ਜੋੜਦੀਆਂ ਹਨ, ਅਤੇ ਇਸ ਨਾਲ ਪੁਲਿਸ ਨੂੰ ਅਪਰਾਧ ਅਤੇ ਕਨੂੰਨ ਲਾਗੂ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਸਮਾਂ ਮਿਲਦਾ ਹੈ।
ਕ੍ਰਾਇਸਿਸ ਰਿਸਪੌਂਸ, ਕਮਿਊਨਿਟੀ-ਲੈਡ:
ਟੀਮਾਂ ਇਥੇ ਉਪਲਬਧ ਹਨ:
ਕ੍ਰਾਇਸਿਸ ਰਿਸਪੌਂਸ, ਕਮਿਊਨਿਟੀ-ਲੈਡ ਨੇ ਹੁਣ ਤੱਕ ਲਗਭਗ 5,882 ਕੌਲਾਂ ਦਾ ਜਵਾਬ ਦਿੱਤਾ ਹੈ। ਸਿਰਫ 1.3% ਲਈ ਪੁਲਿਸ ਦੀ ਜਵਾਬੀ ਪ੍ਰਤੀਕਿਰਿਆ ਦੀ ਲੋੜ ਸੀ।
ਮੋਬਾਈਲ ਇੰਟੀਗ੍ਰੇਟਿਡ ਕ੍ਰਾਈਸਿਸ ਰਿਸਪਾਂਸ ਟੀਮਾਂ (Mobile Integrated Crisis Response Teams)
ਮੋਬਾਈਲ ਇੰਟੀਗ੍ਰੇਟਿਡ ਕਰਾਈਸਿਸ ਰਿਸਪਾਂਸ ਟੀਮਾਂ ਉਦੋਂ ਮਾਨਸਿਕ ਸਿਹਤ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸੰਕਟ ਨਾਲ ਨਜਿੱਠਣ ਲਈ ਕਿਸੇ ਪੁਲਿਸ ਅਧਿਕਾਰੀ ਨੂੰ ਹੈਲਥ ਕੇਅਰ ਵਰਕਰ ਨਾਲ ਜੋੜਦੀਆਂ ਹਨ ਜਦੋਂ ਸੁਰੱਖਿਆ ਦਾ ਜੋਖਮ ਹੋ ਸਕਦਾ ਹੈ, ਤਾਂ ਜੋ ਲੋਕਾਂ ਨੂੰ ਉਸ ਸੰਭਾਲ ਨਾਲ ਸੁਰੱਖਿਅਤ ਤਰੀਕੇ ਨਾਲ ਜੋੜਿਆ ਜਾ ਸਕੇ ਜਿਸਦੀ ਉਨ੍ਹਾਂ ਨੂੰ ਲੋੜ ਹੈ।
ਟੀਮਾਂ ਇੱਥੇ ਉਪਲਬਧ ਹਨ:
ਇਨਕੈਂਪਮੈਂਟਸ (ਘਰ ਛੱਡ ਕੇ ਕੈਂਪਾਂ ਵਿੱਚ ਆ ਕੇ ਰਹਿਣਾ) ਅਤੇ ਰਿਹਾਇਸ਼ੀ ਅਸਥਿਰਤਾ ਨੂੰ ਖਤਮ ਕਰਨਾ
ਮਹਾਂਮਾਰੀ ਤੋਂ ਬਾਅਦ ਰਿਹਾਇਸ਼ੀ ਅਸਥਿਰਤਾ ਵੱਧ ਗਈ।
ਕੁਝ ਲੋਕਾਂ, ਜੋ ਇਸ ਜੋਖਮ ਪ੍ਰਤੀ ਸਭ ਤੋਂ ਵੱਧ ਕਮਜ਼ੋਰ ਹਨ, ਨੂੰ ਹਾਊਸਿੰਗ ਮਾਰਕਿਟ ਤੋਂ ਬਾਹਰ ਧੱਕ ਦਿੱਤਾ ਗਿਆ ਹੈ, ਜਿਸ ਕਾਰਨ ਕੁਝ ਨੂੰ ਇਨਕੈਂਪਮੈਂਟਸ ਵਿੱਚ ਪਨਾਹ ਲੈਣੀ ਪੈ ਰਹੀ ਹੈ। ਇਹ ਸਮੱਸਿਆ ਨੌਰਥ ਅਮਰੀਕਾ ਭਰ ਵਿੱਚ ਚੱਲ ਰਹੀ ਹੈ।
ਇਹੀ ਕਾਰਨ ਹੈ ਕਿ ਅਸੀਂ ਵਧੇਰੇ ਸ਼ੈਲਟਰ, ਘਰ ਅਤੇ ਲੋਕਾਂ ਦੀ ਜ਼ਰੂਰਤ ਦੀ ਸਹਾਇਤਾ ਪ੍ਰਦਾਨ ਕਰਨ ਲਈ ਕਾਰਵਾਈ ਕਰ ਰਹੇ ਹਾਂ ਤਾਂ ਜੋ ਹਰ ਕਿਸੇ ਨੂੰ ਰਹਿਣ ਲਈ ਸੁਰੱਖਿਅਤ ਜਗ੍ਹਾ ਮਿਲ ਸਕੇ।
ਹੋਰ ਰਿਹਾਇਸ਼ੀ ਸੇਵਾਵਾਂ ਲੱਭੋ ਅਤੇ ‘ਹੋਮਜ਼ ਫ਼ੌਰ ਪੀਪਲ’ ਯੋਜਨਾ ਬਾਰੇ ਵਧੇਰੇ ਜਾਣੋ
ਰੁਜ਼ਗਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ
ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਕੋਲ ਨੌਕਰੀ ਹੁੰਦੀ ਹੈ ਤਾਂ ਉਹ ਬਿਹਤਰ ਮਹਿਸੂਸ ਕਰਦੇ ਹਨ, ਅਤੇ ਬਿਹਤਰ ਹੁੰਦੇ ਹਨ। ਪਰ ਮਾਨਸਿਕ ਸਿਹਤ, ਨਸ਼ੇ ਦੀ ਲਤ ਅਤੇ ਰਿਹਾਇਸ਼ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਕੁਝ ਲੋਕ ਨੌਕਰੀ ਪ੍ਰਾਪਤ ਕਰਨ ਅਤੇ ਉਸ ਨੂੰ ਬਰਕਰਾਰ ਰੱਖਣ ਵਿੱਚ ਸੰਘਰਸ਼ ਕਰਦੇ ਹਨ।
ਇਸ ਲਈ ਅਸੀਂ ਉਨ੍ਹਾਂ ਲੋਕਾਂ ਲਈ ਰੁਕਾਵਟਾਂ ਨੂੰ ਘਟਾ ਰਹੇ ਹਾਂ ਜੋ ਕੰਮ ਕਰ ਸਕਦੇ ਹਨ, ਅਤੇ ਨਾਲ ਹੀ ਉਨ੍ਹਾਂ ਦੀ ਸਹਾਇਤਾ ਕਰਨਾ ਜਾਰੀ ਰੱਖ ਰਹੇ ਹਾਂ ਜੋ ਅਜਿਹਾ ਨਹੀਂ ਕਰ ਸਕਦੇ।
ਕਮਿਊਨਿਟੀ-ਅਧਾਰਤ ਰੁਜ਼ਗਾਰ ਸੇਵਾਵਾਂ (Community-based Employment Services) ਰੁਜ਼ਗਾਰ ਲਈ ਗੁੰਝਲਦਾਰ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਇੱਕ ਨਵਾਂ ਪਾਇਲਟ ਪ੍ਰੋਗਰਾਮ ਹੈ ਜੋ:
ਪਾਇਲਟ ਪ੍ਰੋਗਰਾਮ ਸਤੰਬਰ 2024 ਵਿੱਚ ਉਪਲਬਧ ਹੋਵੇਗਾ:
ਬੀ.ਸੀ. ਵਿੱਚ ਗਰੀਬੀ ਘਟਾਉਣਾ
ਲੋਕਾਂ ਦੀ ਮੁਸ਼ਕਲ ਸਮਿਆਂ ਵਿੱਚੋਂ ਲੰਘਣ ਵਿੱਚ ਮਦਦ ਕਰਨ ਲਈ, ਅਸੀਂ ਲੋਕਾਂ ਲਈ ਸਹਾਇਤਾ ਪ੍ਰਾਪਤ ਕਰਨਾ ਆਸਾਨ ਬਣਾ ਰਹੇ ਹਾਂ ਅਤੇ ਗਰੀਬੀ ਨੂੰ ਘਟਾਉਣ ਲਈ ਨਵੇਂ ਟੀਚੇ ਨਿਰਧਾਰਤ ਕਰ ਰਹੇ ਹਾਂ।
ਬੀ.ਸੀ. ਦੀ ਨਵੀਂ ‘ਪੌਵਰਟੀ ਰਿਡੱਕਸ਼ਨ ਸਟ੍ਰੈਟਜੀ’ (ਗਰੀਬੀ ਘਟਾਉਣ ਦੀ ਕਾਰਜਨੀਤੀ) ਇੱਕ ਅਜਿਹਾ ਸੂਬਾ ਬਣਾਉਣ ਲਈ ਲੋੜੀਂਦੇ ਕੰਮ ਨੂੰ ਦਰਸਾਉਂਦੀ ਹੈ ਜਿੱਥੇ ਹਰ ਵਿਅਕਤੀ ਦੀ ਰੋਜ਼ਾਨਾ ਦੀਆਂ ਜ਼ਰੂਰਤਾਂ ਤੱਕ ਪਹੁੰਚ ਹੋਵੇ ਅਤੇ ਉਨ੍ਹਾਂ ਨੂੰ ਖਰੀਦਣ ਦੀ ਸਮਰੱਥਾ ਹੋਵੇ, ਅਤੇ ਉਨ੍ਹਾਂ ਨੂੰ ਚੰਗੀ ਨੌਕਰੀ ਹਾਸਲ ਕਰਨ ਅਤੇ ਉਸ ਨੂੰ ਬਰਕਰਾਰ ਰੱਖਣ ਦੇ ਮੌਕੇ ਮਿਲਣ।
2034 ਤੱਕ, ਬੀ.ਸੀ. ਇਨ੍ਹਾਂ ਚੀਜ਼ਾਂ ਨੂੰ ਘਟਾਉਣ ਦਾ ਇਰਾਦਾ ਰੱਖਦਾ ਹੈ:
ਬੀ.ਸੀ. ਦੀ ਸਮੁੱਚੀ ਗਰੀਬੀ ਦਰ 27.5% ਘੱਟੀ ਸੀ ਅਤੇ ਬਾਲ ਗਰੀਬੀ ਦਰ 2016 ਦੇ ਮੁਕਾਬਲੇ 2022 ਵਿੱਚ 36.8% ਘੱਟ ਸੀ। ਇਸਦਾ ਮਤਲਬ ਹੈ ਕਿ ਗਰੀਬੀ ਵਿੱਚ ਰਹਿਣ ਵਾਲੇ 163,000 ਘੱਟ ਲੋਕ ਸਨ, ਜਿਨ੍ਹਾਂ ਵਿੱਚ 50,000 ਬੱਚੇ ਵੀ ਸ਼ਾਮਲ ਸਨ।
ਕਮਿਊਨਿਟੀ ਸੇਫ਼ਟੀ ਸਿਚੁਏਸ਼ਨ ਟੇਬਲਜ਼
ਨਸ਼ਾਖੋਰੀ ਦੇ ਸਿਲਸਿਲੇ ਨੂੰ ਖਤਮ ਕਰਨ ਵਿੱਚ ਮਦਦ ਕਰਨ ਲਈ, ਸਾਨੂੰ ਜਲਦੀ ਦਖਲ ਦੇਣ ਅਤੇ ਮੂਲ ਕਾਰਨਾਂ ਨੂੰ ਸੰਬੋਧਤ ਕਰਨ ਦੀ ਲੋੜ ਹੈ।
ਇਹੀ ਕਾਰਨ ਹੈ ਕਿ ਅਸੀਂ ਬੀ.ਸੀ. ਭਰ ਵਿੱਚ 45 ਕਮਿਊਨਿਟੀ ਸੇਫ਼ਟੀ ਸਿਚੁਏਸ਼ਨ ਟੇਬਲਜ਼ ਨੂੰ ਫੰਡ ਦੇ ਰਹੇ ਹਾਂ, ਜਿਸ ਵਿੱਚ Esk’etemc ਫਰਸਟ ਨੇਸ਼ਨ ਟੇਬਲ ਵਿੱਚ ਇੱਕ ‘ਇੰਟਰਵੈਨਸ਼ਨ ਸਰਕਲ’ (Intervention Circle) ਵੀ ਸ਼ਾਮਲ ਹੈ। ਇਨ੍ਹਾਂ ਵਿੱਚੋਂ 36 ਕਾਰਜਸ਼ੀਲ ਹਨ ਅਤੇ ਬਾਕੀ 9 ਲਾਗੂ ਕੀਤੇ ਜਾ ਰਹੇ ਹਨ।
ਕਮਿਊਨਿਟੀ ਸੇਫ਼ਟੀ ਸਿਚੁਏਸ਼ਨ ਟੇਬਲ ਇੱਕ ਅਜ਼ਮਾਇਆ ਹੋਇਆ ਮਾਡਲ ਹੈ ਜੋ ਦੇਸ਼ ਭਰ ਵਿੱਚ ਵਰਤਿਆ ਜਾਂਦਾ ਹੈ। ਇਹ ਫਰੰਟ-ਲਾਈਨ ਜਨਤਕ ਸੁਰੱਖਿਆ, ਸਿਹਤ ਅਤੇ ਸਮਾਜਿਕ ਸੇਵਾਵਾਂ ਦੇ ਸਟਾਫ਼ ਨੂੰ ਇਕੱਠਾ ਕਰਦਾ ਹੈ, ਤਾਂ ਜੋ:
46 ਵਿੱਚੋਂ 36 ਟੇਬਲ ਇਸ ਸਮੇਂ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਬਾਕੀ ਲਾਗੂ ਕੀਤੇ ਜਾ ਰਹੇ ਹਨ।
2023 ਵਿੱਚ, ਕਮਿਊਨਿਟੀ ਸੇਫ਼ਟੀ ਸਿਚੁਏਸ਼ਨ ਟੇਬਲ ਵਿਚਾਰ-ਵਟਾਂਦਰੇ ਨੇ ਓਵਰਡੋਜ਼, ਪੀੜ੍ਹਤ, ਅਪਰਾਧ ਜਾਂ ਆਪ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਜੋਖਮ ਨੂੰ 70% ਤੱਕ ਘਟਾ ਦਿੱਤਾ।
ਲੋਕ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਬਾਰੇ ਚਿੰਤਤ ਹਨ ਜੋ ਸਾਡੇ ਅਜ਼ੀਜ਼ਾਂ ਨੂੰ ਮਾਰ ਰਹੇ ਹਨ ਅਤੇ ਸਾਡੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸੰਗਠਿਤ ਅਪਰਾਧ ਨੈਟਵਰਕ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਵਧੇਰੇ ਸਸਤਾ, ਖਤਰਨਾਕ ਅਤੇ ਘਾਤਕ ਬਣਾਉਣ ਲਈ ਇਨ੍ਹਾਂ ਵਿੱਚ ਹੋਰ ਨਵੇਂ ਜ਼ਹਿਰ ਮਿਲਾ ਰਹੇ ਹਨ।
ਇਸ ਲਈ ਅਸੀਂ ਉਨ੍ਹਾਂ ਗਿਰੋਹਾਂ ਅਤੇ ਸੰਗਠਿਤ ਅਪਰਾਧੀਆਂ ‘ਤੇ ਕਾਰਵਾਈ ਕਰ ਰਹੇ ਹਾਂ ਜੋ ਜੋਖਮ ਪ੍ਰਤੀ ਕਮਜ਼ੋਰ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ ਅਤੇ ਸਾਡੇ ਭਾਈਚਾਰਿਆਂ ਵਿੱਚ ਹਿੰਸਾ ਅਤੇ ਘਾਤਕ ਨਸ਼ੀਲੇ ਪਦਾਰਥ ਲਿਆ ਰਹੇ ਹਨ:
ਜਾਣੋ ਕਿ ਅਸੀਂ ਲੋਕਾਂ ਅਤੇ ਭਾਈਚਾਰਿਆਂ ਨੂੰ ਕਿਵੇਂ ਸੁਰੱਖਿਅਤ ਰੱਖ ਰਹੇ ਹਾਂ