English | 繁體中文 | 简体中文 | Français | ਪੰਜਾਬੀ

ਬੱਚਿਆਂ ਵਾਲੇ ਪਰਿਵਾਰਾਂ ਲਈ ਸਹਾਇਤਾਵਾਂ
ਹਜ਼ਾਰਾਂ ਪਰਿਵਾਰ ਲਾਇਸੰਸਸ਼ੁਦਾ ਬਾਲ ਸੰਭਾਲ (ਚਾਈਲਡ ਕੇਅਰ) ਖ਼ਰਚਿਆਂ 'ਤੇ ਪ੍ਰਤੀ ਬੱਚਾ ਪ੍ਰਤੀ ਮਹੀਨਾ $900 ਜਾਂ ਇਸ ਤੋਂ ਵੱਧ ਦੀ ਬੱਚਤ ਕਰ ਰਹੇ ਹਨ।
18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਯੋਗ ਪਰਿਵਾਰਾਂ ਨੂੰ ਇਸ ਸਾਲ ਔਸਤਨ $445 ਵਾਧੂ ਮਿਲਣਗੇ, ਜੇ ਉਹ ਆਪਣੇ 2023 ਟੈਕਸ ਫਾਈਲ ਕਰਦੇ ਹਨ। ਕਿਸੇ ਕਾਰਵਾਈ ਦੀ ਲੋੜ ਨਹੀਂ ਹੈ।
ਪਰਿਵਾਰ ਲਾਇਸੰਸਸ਼ੁਦਾ ਬਾਲ ਸੰਭਾਲ 'ਤੇ ਆਪਣੇ ਆਪ $900/ਮਹੀਨਾ ਤੱਕ ਦੀ ਬੱਚਤ ਕਰਦੇ ਹਨ। ਜੇ ਤੁਸੀਂ ਸਬਸਿਡੀ ਲਈ ਯੋਗਤਾ ਪ੍ਰਾਪਤ ਕਰਦੇ ਹੋ ਜਾਂ $10/ਦਿਨ ਵਾਲੇ ਚਾਈਲਡ ਕੇਅਰ ਸੈਂਟਰ ਵਿੱਚ ਜਾਂਦੇ ਹੋ, ਤਾਂ ਹੋਰ ਵੀ ਬੱਚਤ ਕਰੋ।
ਸਕੂਲ ਫੀਸਾਂ, ਸਕੂਲ ਸਪਲਾਈ, ਫੀਲਡ ਟਰਿੱਪ, ਅਤੇ ਸਕੂਲ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਪੌਸ਼ਟਿਕ ਭੋਜਨ ਲਈ ਭੁਗਤਾਨ ਕਰਨ ਲਈ ਮਦਦ ਪ੍ਰਾਪਤ ਕਰੋ। ਆਪਣੇ ਪ੍ਰਿੰਸੀਪਲ ਨਾਲ ਗੱਲ ਕਰੋ।
6 ਤੋਂ 9 ਸਾਲ ਦੀ ਉਮਰ ਦੇ ਬੱਚਿਆਂ ਦੇ ਪਰਿਵਾਰ ਪੋਸਟ-ਸੈਕੰਡਰੀ ਵਿੱਚ ਬੱਚਤ ਕਰਨ ਵਿੱਚ ਮਦਦ ਕਰਨ ਲਈ $1,200 ਦੀ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਹਨ।
ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਬੱਚੇ ਦੰਦਾਂ, ਐਨਕਾਂ ਅਤੇ ਸੁਣਨ ਦੀ ਮੁੱਢਲੀ (basic) ਸੰਭਾਲ ਦੇ ਖ਼ਰਚਿਆਂ ਵਿੱਚ ਮਦਦ ਪ੍ਰਾਪਤ ਕਰ ਸਕਦੇ ਹਨ।
18 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚੇ ਇੱਕ ਯੋਗ ਖੇਡ ਪ੍ਰੋਗਰਾਮ ਲਈ ਭੁਗਤਾਨ ਕਰਨ ਵਿੱਚ ਮਦਦ ਲੈਣ ਲਈ $400/ਸਾਲ ਤੱਕ ਪ੍ਰਾਪਤ ਕਰ ਸਕਦੇ ਹਨ। ਔਨਲਾਈਨ ਅਪਲਾਈ ਕਰੋ।
ਬੀ ਸੀ ਫੈਮਿਲੀ ਬੈਨਿਫ਼ਿਟ ਬੋਨਸ
ਇਹ ਕਿਵੇਂ ਕੰਮ ਕਰਦਾ ਹੈ
- ਘੱਟ- ਅਤੇ ਮੱਧ-ਆਮਦਨੀ ਵਾਲੇ ਯੋਗ ਪਰਿਵਾਰ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੰਭਾਲ ਕਰ ਰਹੇ ਹਨ, ਨੂੰ ਆਪਣੇ ਆਪ ‘ਬੀ ਸੀ ਫੈਮਿਲੀ ਬੈਨਿਫ਼ਿਟ’ ਮਿਲਦਾ ਹੈ
- ਯੋਗ ਪਰਿਵਾਰਾਂ ਨੂੰ ਮਹਿੰਗਾਈ ਦੇ ਖ਼ਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਇਸ ਸਾਲ ਔਸਤਨ $445 ਵਾਧੂ ਬੋਨਸ ਵੀ ਮਿਲੇਗਾ
- ਬੈਨਿਫ਼ਿਟ ਬੋਨਸ ਦਾ ਭੁਗਤਾਨ ਜੁਲਾਈ 2024 ਤੋਂ ਜੂਨ 2025 ਤੱਕ ਮਹੀਨਾਵਾਰ ਕੀਤਾ ਜਾਵੇਗਾ
ਤੁਹਾਨੂੰ ਕਿੰਨਾ ਮਿਲਦਾ ਹੈ
- 2023 ਵਿੱਚ $35,902 ਤੋਂ ਘੱਟ ਕਮਾਈ ਕਰਨ ਵਾਲੇ ਪਰਿਵਾਰਾਂ ਨੂੰ ਹੁਣ ਇਥੋਂ ਤਕ ਮਿਲੇਗਾ:
- ਤੁਹਾਡੇ ਪਹਿਲੇ ਬੱਚੇ ਲਈ $2,188/ਸਾਲ
- ਤੁਹਾਡੇ ਦੂਜੇ ਬੱਚੇ ਲਈ $1,375/ਸਾਲ
- ਹਰੇਕ ਹੋਰ ਬੱਚੇ ਲਈ $1,125/ਸਾਲ
- $35,902 ਅਤੇ $114,887 ਦੇ ਵਿਚਕਾਰ ਕਮਾਈ ਕਰਨ ਵਾਲੇ ਪਰਿਵਾਰਾਂ ਨੂੰ ਹੁਣ ਇੱਥੋਂ ਤਕ ਮਿਲੇਗਾ:
- ਤੁਹਾਡੇ ਪਹਿਲੇ ਬੱਚੇ ਲਈ $969/ਸਾਲ
- ਤੁਹਾਡੇ ਦੂਜੇ ਬੱਚੇ ਲਈ $937/ਸਾਲ
- ਹਰੇਕ ਹੋਰ ਬੱਚੇ ਲਈ $906/ਸਾਲ
- $114,887 ਤੋਂ ਵੱਧ ਕਮਾਈ ਕਰਨ ਵਾਲੇ ਪਰਿਵਾਰਾਂ ਨੂੰ ਘੱਟ ਰਕਮ ਮਿਲੇਗੀ
- ਘੱਟ ਆਮਦਨੀ ਵਾਲੇ ਇਕੱਲੇ ਮਾਪਿਆਂ ਨੂੰ ਵੀ $500/ਸਾਲ ਤੱਕ ਦਾ ਸਪਲੀਮੈਂਟ ਮਿਲਦਾ ਹੈ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਜੇ ਤੁਸੀਂ ਆਪਣੇ 2023 ਟੈਕਸ ਫਾਈਲ ਕੀਤੇ ਹਨ ਅਤੇ ਤੁਹਾਡਾ ਬੱਚਾ ਪਹਿਲਾਂ ਹੀ ‘ਕੈਨੇਡਾ ਚਾਈਲਡ ਬੈਨਿਫ਼ਿਟ’ ਪ੍ਰਾਪਤ ਕਰਦਾ ਹੈ, ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। ਭੁਗਤਾਨ ਆਟੋਮੈਟਿਕ ਹੁੰਦੇ ਹਨ
- ਜੇ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਰਹਿਣ ਲੱਗਦੇ ਹੋ, ਤੁਹਾਡੀ ਵਿਆਹੁਤਾ ਸਥਿਤੀ ਬਦਲ ਜਾਂਦੀ ਹੈ ਜਾਂ ਜੇ ਤੁਹਾਡੀ ਸੰਭਾਲ ਵਿੱਚ ਬੱਚਿਆਂ ਦੀ ਗਿਣਤੀ ਬਦਲ ਜਾਂਦੀ ਹੈ ਤਾਂ ਕੈਨੇਡਾ ਰੈਵੇਨਿਊ ਏਜੰਸੀ ਨਾਲ ਸੰਪਰਕ ਕਰੋ
‘ਬੀ ਸੀ ਫੈਮਿਲੀ ਬੈਨਿਫ਼ਿਟ’ ਬਾਰੇ ਹੋਰ ਜਾਣੋ
ਚਾਈਲਡ ਕੇਅਰ ਅਤੇ ਸਕੂਲ ਤੋਂ ਬਾਅਦ ਦੀ ਸੰਭਾਲ
ਇਹ ਕਿਵੇਂ ਕੰਮ ਕਰਦਾ ਹੈ
- ਜ਼ਿਆਦਾਤਰ ਪਰਿਵਾਰ ਚਾਈਲਡ ਕੇਅਰ ਅਤੇ ਸਕੂਲ ਤੋਂ ਬਾਅਦ ਦੀ ਸੰਭਾਲ ਦੇ ਖ਼ਰਚਿਆਂ ਲਈ ਪ੍ਰਤੀ ਬੱਚੇ ਪ੍ਰਤੀ ਮਹੀਨਾ $900 ਤੱਕ ਦੀ ਬੱਚਤ ਕਰ ਸਕਦੇ ਹਨ
- ਕੁਝ ਪਰਿਵਾਰ ਹੋਰ ਵੀ ਜ਼ਿਆਦਾ ਬੱਚਤ ਕਰ ਸਕਦੇ ਹਨ ਜੇ ਉਹ $111,000/ਸਾਲ ਤੋਂ ਘੱਟ ਕਮਾਉਂਦੇ ਹਨ, ਨੌਜਵਾਨ ਮਾਪੇ ਹਨ, ਜਾਂ $10 ਪ੍ਰਤੀ ਦਿਨ ਵਾਲੇ ਸੈਂਟਰ ਵਿੱਚ ਜਾਂਦੇ ਹਨ
- ਕੁਝ ਪਰਿਵਾਰ ਇੱਕ ਤੋਂ ਵੱਧ ਬੱਚਤ ਪ੍ਰੋਗਰਾਮਾਂ ਤੋਂ ਲਾਭ ਲੈ ਸਕਦੇ ਹਨ
ਅਸੀਂ ਚਾਈਲਡ ਕੇਅਰ 'ਤੇ ਬੱਚਤ ਕਰਨ ਵਿੱਚ ਤੁਹਾਡੀ ਕਿਵੇਂ ਮਦਦ ਕਰ ਰਹੇ ਹਾਂ
ਸਟੂਡੈਂਟ ਅਤੇ ਫੈਮਿਲੀ ਅਫੋਰਡੇਬਿਲਿਟੀ ਫੰਡ
ਇਹ ਕਿਵੇਂ ਕੰਮ ਕਰਦਾ ਹੈ
- ਰਹਿਣ-ਸਹਿਣ ਦੇ ਵੱਧਦੇ ਖ਼ਰਚਿਆਂ ਨਾਲ ਜੂਝ ਰਹੇ ਪਰਿਵਾਰ ‘ਸਟੂਡੈਂਟ ਅਤੇ ਫੈਮਿਲੀ ਅਫੋਰਡੇਬਿਲਿਟੀ ਫੰਡ’ ਰਾਹੀਂ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਤਾਂ ਜੋ ਹੇਠ ਲਿਖਿਆਂ ਦੀ ਲਾਗਤ ਦੀ ਪੂਰਤੀ ਕਰਨ ਵਿੱਚ ਮਦਦ ਮਿਲ ਸਕੇ:
- ਸਕੂਲ ਫੀਸ, ਸਪਲਾਈ ਅਤੇ ਕੱਪੜੇ
- ਫੀਲਡ ਟਰਿੱਪ ਵਿੱਚ ਭਾਗ ਲੈਣਾ
- ਕਿਸੇ ਸਕੂਲ ਦੀ ਖੇਡਾਂ ਦੀ ਟੀਮ ਜਾਂ ਸੰਗੀਤ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ
- ਸਕੂਲ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਪੌਸ਼ਟਿਕ ਭੋਜਨ ਤੱਕ ਪਹੁੰਚ ਕਰਨਾ
- ਖ਼ਰਚਿਆਂ ਦੇ ਹੋਰ ਦਬਾਅ
- ਸਕੂਲਾਂ ਨੂੰ ਮੁਫਤ ਜਾਂ ਘੱਟ ਲਾਗਤ ਵਾਲੇ ਪੌਸ਼ਟਿਕ ਨਾਸ਼ਤੇ, ਦੁਪਹਿਰ ਦੇ ਖਾਣੇ ਅਤੇ ਸਨੈਕਸ ਪ੍ਰਦਾਨ ਕਰਨ ਲਈ ‘ਫੀਡਿੰਗ ਫਿਊਚਰਜ਼’ (Feeding Futures) ਫੂਡ ਪ੍ਰੋਗਰਾਮ ਤਿਆਰ ਕਰਨ ਜਾਂ ਉਹਨਾਂ ਦਾ ਵਿਸਤਾਰ ਕਰਨ ਲਈ ਫੰਡ ਵੀ ਪ੍ਰਾਪਤ ਹੋਏ ਹਨ ਤਾਂ ਜੋ ਵਿਦਿਆਰਥੀ ਭੁੱਖੇ ਪੇਟ ਰਹਿਣ ਦੀ ਬਜਾਏ ਸਿੱਖਣ 'ਤੇ ਧਿਆਨ ਕੇਂਦਰਿਤ ਕਰ ਸਕਣ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਇਹ ਪਤਾ ਕਰਨ ਲਈ ਆਪਣੇ ਸਕੂਲ ਦੇ ਪ੍ਰਿੰਸੀਪਲ ਨਾਲ ਸੰਪਰਕ ਕਰੋ ਕਿ ਇਹਨਾਂ ਗੁਪਤ ਸਟਿਗਮਾ -ਫ਼੍ਰੀ ਪ੍ਰੋਗਰਾਮਾਂ (ਵਿਭਿੰਨ ਭਾਈਚਾਰਿਆਂ ਵਿੱਚ ਜਾਗਰੂਕਤਾ, ਸਮਝ ਅਤੇ ਸਵੀਕਾਰਤਾ ਨੂੰ ਉਤਸ਼ਾਹਤ ਕਰਨ ਵਾਲੇ ਪ੍ਰੋਗਰਾਮ) ਤੱਕ ਪਹੁੰਚ ਕਿਵੇਂ ਕਰਨੀ ਹੈ
- ਕੁਝ ਸਕੂਲ ਡਿਸਟ੍ਰਿਕਟ ਆਪਣੀ ਵੈੱਬਸਾਈਟ 'ਤੇ ਅਰਜ਼ੀ ਫਾਰਮ ਪੋਸਟ ਕਰਦੇ ਹਨ
ਟ੍ਰੇਨਿੰਗ ਅਤੇ ਐਜੂਕੇਸ਼ਨ ਸੇਵਿੰਗਜ਼ ਗ੍ਰਾਂਟ (Education savings grant)
ਇਹ ਕਿਵੇਂ ਕੰਮ ਕਰਦਾ ਹੈ
- ਪਰਿਵਾਰ ਪੋਸਟ-ਸੈਕੰਡਰੀ ਜਾਂ ਸਿਖਲਾਈ ਪ੍ਰੋਗਰਾਮਾਂ ਲਈ ਬੱਚਤ ਕਰਨ ਵਿੱਚ ਮਦਦ ਪ੍ਰਾਪਤ ਕਰਨ ਲਈ ਆਪਣੇ ਬੱਚੇ ਦੇ RESP ਵਿੱਚ ਯੋਗਦਾਨ ਪਾਉਣ ਲਈ $1,200 ਦੀ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਹਨ
- ਅਰਜ਼ੀ ਦੇ ਸਮੇਂ ਬੱਚਿਆਂ ਲਈ ਬੀ.ਸੀ. ਦਾ ਵਸਨੀਕ ਹੋਣਾ ਅਤੇ ਉਹਨਾਂ ਕੋਲ ਇੱਕ ਵੈਧ ਸੋਸ਼ਲ ਇਨਸ਼ੋਰੈਂਸ ਨੰਬਰ ਹੋਣਾ ਲਾਜ਼ਮੀ ਹੈ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਬੱਚੇ ਦੇ 6ਵੇਂ ਜਨਮਦਿਨ ਅਤੇ 9 ਸਾਲ ਦੀ ਉਮਰ ਤੋਂ ਇੱਕ ਦਿਨ ਪਹਿਲਾਂ ਹਿੱਸਾ ਲੈ ਰਹੇ ਪ੍ਰਮੁੱਖ ਬੈਂਕ ਅਤੇ ਵਿੱਤੀ ਸੰਸਥਾਵਾਂ ਵਿੱਚੋਂ ਕਿਸੇ ਵਿੱਚ ਵੀ ਗ੍ਰਾਂਟ ਲਈ ਅਰਜ਼ੀ ਦਿਓ
- ਗ੍ਰਾਂਟ ਤੁਹਾਡੇ ਬੱਚੇ ਦੇ ਨਾਮ 'ਤੇ ਇੱਕ ਨਵੇਂ ਜਾਂ ਮੌਜੂਦਾ RESP ਵਿੱਚ ਜਾਵੇਗੀ
- ਗ੍ਰਾਂਟ ਨੂੰ ਮੈਚਿੰਗ ਜਾਂ ਵਧੇਰੇ ਯੋਗਦਾਨ ਦੀ ਲੋੜ ਨਹੀਂ ਹੁੰਦੀ, ਇਸ ਲਈ ਜੋ ਪਰਿਵਾਰ ਬੱਚਤ ਨਹੀਂ ਕਰ ਪਾਉਂਦੇ, ਉਹ ਅਜੇ ਵੀ RESP ਸ਼ੁਰੂ ਕਰ ਸਕਦੇ ਹਨ। ਬਹੁਤ ਸਾਰੇ RESP ਪ੍ਰਦਾਤਾ ਕੋਈ ਫੀਸ ਨਹੀਂ ਲੈਂਦੇ
ਟ੍ਰੇਨਿੰਗ ਅਤੇ ਐਜੂਕੇਸ਼ਨ ਸੇਵਿੰਗਜ਼ ਗ੍ਰਾਂਟ ਬਾਰੇ ਹੋਰ ਜਾਣੋ
ਇਹ ਕਿਵੇਂ ਕੰਮ ਕਰਦਾ ਹੈ
- ਪ੍ਰਤੀ ਸਾਲ $42,000 ਤੋਂ ਘੱਟ ਨੈਟ ਆਮਦਨੀ ਵਾਲੇ ਪਰਿਵਾਰ 19 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦੰਦਾਂ, ਔਪਟੀਕਲ (ਅੱਖਾਂ ਸੰਬੰਧੀ) ਅਤੇ ਸੁਣਨ ਦੀ ਸੰਭਾਲ ਦੇ ਖ਼ਰਚਿਆਂ ਵਿੱਚ ਸਹਾਇਤਾ ਪ੍ਰਾਪਤ ਕਰ ਸਕਦੇ ਹਨ
- ਹਰ 2 ਸਾਲਾਂ ਵਿੱਚ ਦੰਦਾਂ ਦੀਆਂ ਮੁੱਢਲੀਆਂ ਸੇਵਾਵਾਂ ਲਈ $2,000 ਤੱਕ
- ਹਰ ਸਾਲ ਪ੍ਰਿਸਕ੍ਰਿੱਪਸ਼ਨ ਵਾਲੀਆਂ ਐਨਕਾਂ
- ਹੀਅਰਿੰਗ ਏਡ, ਕੋਕਲੀਅਰ ਇੰਪਲਾਂਟ ਅਤੇ ਰਿਪੇਅਰ
- ਸੁਣਨ ਦੀ ਸ਼ਕਤੀ ਦੀ ਗੰਭੀਰ ਕਮੀ ਵਾਲੇ ਬੱਚਿਆਂ ਲਈ ਵਿਕਲਪਕ ਸੁਣਨ ਸ਼ਕਤੀ ਸਹਾਇਤਾ
ਤੁਹਾਨੂੰ ਕੀ ਕਰਨ ਦੀ ਲੋੜ ਹੈ
ਹੈਲਥੀ ਕਿਡਜ਼ ਪ੍ਰੋਗਰਾਮ ਬਾਰੇ ਹੋਰ ਜਾਣੋ
KidSport ਯੂਥ ਸਪੋਰਟਸ ਗ੍ਰਾਂਟ
ਇਹ ਕਿਵੇਂ ਕੰਮ ਕਰਦਾ ਹੈ
- 18 ਸਾਲ ਤੋਂ ਘੱਟ ਉਮਰ ਦੇ ਬੱਚੇ ਯੋਗ ਖੇਡ ਪ੍ਰੋਗਰਾਮਾਂ ਲਈ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਹਰ ਕੈਲੰਡਰ ਸਾਲ ਵਿੱਚ $400 ਤੱਕ ਪ੍ਰਾਪਤ ਕਰ ਸਕਦੇ ਹਨ
- ਯੋਗ ਪ੍ਰੋਗਰਾਮਾਂ ਨੂੰ ਪ੍ਰਤੀ ਹਫਤੇ ਘੱਟੋ ਘੱਟ ਇੱਕ ਸੈਸ਼ਨ ਦੇ ਨਾਲ ਘੱਟੋ-ਘੱਟ 6 ਹਫਤਿਆਂ ਲਈ ਯੋਗਤਾ ਪ੍ਰਾਪਤ ਕੋਚ ਦੀ ਅਗਵਾਈ ਵਿੱਚ ਇੱਕ ਨਿਰੰਤਰ ਖੇਡ ਤਜਰਬੇ ਦੀ ਪੇਸ਼ਕਸ਼ ਕਰਨੀ ਲਾਜ਼ਮੀ ਹੈ
ਕੌਣ ਯੋਗ ਹੈ
- ਸਮਾਜਿਕ ਜਾਂ ਆਰਥਿਕ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਪਰਿਵਾਰ
- ਯੋਗਤਾ ਨਿਰਧਾਰਤ ਕਰਨ ਲਈ ਟੈਕਸ ਤੋਂ ਪਹਿਲਾਂ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਅਤੇ ਆਮਦਨੀ ਦੀ ਵਰਤੋਂ ਕੀਤੀ ਜਾਂਦੀ ਹੈ
- ਜੇ ਤੁਹਾਡੀ ਆਮਦਨੀ ਵਧੇਰੇ ਹੈ, ਤਾਂ ਜਾਇਜ਼ ਹਾਲਾਤਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ
- 2 ਲੋਕ: $45,000
- 3 ਲੋਕ: $54,000
- 4 ਲੋਕ: $65,250
- 5 ਲੋਕ: $74,000
- 6 ਲੋਕ: $83,500
- 7+ ਲੋਕ: $93,000
ਤੁਹਾਨੂੰ ਕੀ ਕਰਨ ਦੀ ਲੋੜ ਹੈ

ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਲਈ ਸਹਾਇਤਾਵਾਂ
ਹਜ਼ਾਰਾਂ ਦੀ ਗਿਣਤੀ ਵਿੱਚ ਵਧੇਰੇ ਲੋਕ ਹੁਣ ਆਪਣਾ ਪਹਿਲਾ ਘਰ ਖਰੀਦਣ ਵੇਲੇ ਟੈਕਸ ਦੀ ਬੱਚਤ ਵਿੱਚ ਹਜ਼ਾਰਾਂ ਡਾਲਰ ਬਚਾ ਸਕਦੇ ਹਨ।
ਕਿਰਾਏਦਾਰ, ਕਿਰਾਏ ਵਿੱਚ ਉੱਚੇ ਵਾਧਿਆਂ ਤੋਂ ਸੁਰੱਖਿਅਤ ਹਨ। 2025 ਵਿੱਚ, ਕਿਰਾਏ ਵਧਾਉਣ ਦੀ ਸੀਮਾ ਸਿਰਫ਼ 3٪ ਤੱਕ ਹੈ ਅਤੇ ਹਰੇਕ 12 ਮਹੀਨਿਆਂ ਵਿੱਚ ਸਿਰਫ਼ ਇੱਕ ਵਾਰ ਕਿਰਾਇਆ ਵਧਾਇਆ ਜਾ ਸਕਦਾ ਹੈ।
ਇਸ ਕ੍ਰੈਡਿਟ ਲਈ ਯੋਗ ਘੱਟ ਅਤੇ ਮੱਧ ਆਮਦਨ ਵਾਲੇ ਕਿਰਾਏਦਾਰਾਂ ਨੂੰ ਆਪਣੇ 2024 ਦਾ ਟੈਕਸ ਭਰਨ ‘ਤੇ $400 ਤੱਕ ਟੈਕਸ ਕ੍ਰੈਡਿਟ ਮਿਲ ਸਕਦਾ ਹੈ।
ਘੱਟ ਆਮਦਨ ਵਾਲੇ ਪਰਿਵਾਰ ਅਤੇ ਅਚਾਨਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਲੋਕ ਕਿਰਾਏ ਦਾ ਭੁਗਤਾਨ ਕਰਨ ਵਿੱਚ ਮਦਦ ਪ੍ਰਾਪਤ ਕਰ ਸਕਦੇ ਹਨ। ਦੇਖੋ ਜੇ ਤੁਸੀਂ ਇਸ ਲਈ ਯੋਗ ਹੋ।
ਪਹਿਲੀ ਵਾਰ ਘਰ ਖਰੀਦਣ ਵਾਲੇ ਵਧੇਰੇ ਖ਼ਰੀਦਾਰ ਉੱਚ ਛੋਟ ਸੀਮਾ (higher exemption threshold) ਦੇ ਅਧੀਨ ਪ੍ਰੌਪਰਟੀ ਟ੍ਰਾਂਸਫਰ ਟੈਕਸ ਵਿੱਚ $8,000 ਤੱਕ ਦੀ ਬੱਚਤ ਕਰਨ ਲਈ ਅਰਜ਼ੀ ਦੇ ਸਕਦੇ ਹਨ।
ਜ਼ਿਆਦਾਤਰ ਮਕਾਨ ਮਾਲਕ ਹਰ ਸਾਲ ਪ੍ਰੌਪਰਟੀ ਟੈਕਸ ਵਿੱਚ ਘੱਟੋ-ਘੱਟ $570 ਦੀ ਬੱਚਤ ਕਰਨ ਲਈ ਅਰਜ਼ੀ ਦੇ ਸਕਦੇ ਹਨ। ਕੁਝ ਲੋਕ ਟੈਕਸ ਦੀ ਮੁਲਤਵੀ ਕਰਨ ਲਈ ਘੱਟ ਵਿਆਜ ਵਾਲੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ।
ਕਿਰਾਏ ਵਿੱਚ ਵਾਧਾ ਮਹਿੰਗਾਈ ਦੀ ਦਰ ਦੇ ਅਧਾਰ ‘ਤੇ ਸੀਮਤ ਕਰਨਾ
ਇਹ ਕਿਸ ਤਰ੍ਹਾਂ ਕੰਮ ਕਰਦਾ ਹੈ
- ਕਿਰਾਏਦਾਰਾਂ ਨੂੰ ਰਹਿਣ-ਸਹਿਣ ਦੇ ਵਧ ਰਹੇ ਖ਼ਰਚਿਆਂ ਤੋਂ ਬਚਾਉਣ ਲਈ ਹਰ ਸਾਲ ਕਿਰਾਏ ਵਿੱਚ ਕੀਤੇ ਜਾਣ ਵਾਲੇ ਵਾਧੇ ਨੂੰ ਸੀਮਾ-ਬੱਧ ਕੀਤਾ ਜਾ ਰਿਹਾ ਹੈ
- 2025 ਵਿੱਚ ਕਿਰਾਇਆ 3% ਤੋਂ ਵੱਧ ਨਹੀਂ ਵਧਾਇਆ ਜਾ ਸਕਦਾ – ਜੋ ਯੁਟਿਲਿਟੀਆਂ ਅਤੇ ਹੋਰ ਫ਼ੀਸਾਂ ਸਮੇਤ ਮਹਿੰਗਾਈ ਦੀ ਦਰ ਤੋਂ ਹੇਠਾਂ ਹੋਣਾ ਚਾਹੀਦਾ ਹੈ
- ਕਿਰਾਇਆ 12 ਮਹੀਨਿਆਂ ਵਿੱਚ ਸਿਰਫ਼ ਇੱਕ ਵਾਰ ਹੀ ਵਧਾਇਆ ਜਾ ਸਕਦਾ ਹੈ
- ਕਿਰਾਏਦਾਰਾਂ ਨੂੰ 3 ਮਹੀਨਿਆਂ ਦਾ ਨੋਟਿਸ ਦਿੱਤਾ ਜਾਣਾ ਲਾਜ਼ਮੀ ਹੈ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ
ਕਿਰਾਇਆ ਵਧਾਉਣ ਦੇ ਨਿਯਮਾਂ ਬਾਰੇ ਹੋਰ ਜਾਣੋ
ਇਹ ਕਿਸ ਤਰ੍ਹਾਂ ਕੰਮ ਕਰਦਾ ਹੈ
- ਇਸ ਲਈ ਯੋਗ ਘੱਟ ਅਤੇ ਮੱਧ ਆਮਦਨ ਵਾਲੇ ਕਿਰਾਏਦਾਰਾਂ ਨੂੰ $400 ਤੱਕ ਦਾ ਕ੍ਰੈਡਿਟ ਮਿਲ ਸਕਦਾ ਹੈ
- ਟੈਕਸ ਕ੍ਰੈਡਿਟ ਤੁਹਾਡੇ ਟੈਕਸਾਂ ਨੂੰ ਘਟਾਉਂਦਾ ਹੈ, ਅਤੇ ਜੇਕਰ ਇਹ ਫ਼ੈਡਰਲ ਅਤੇ ਸੂਬਾਈ ਟੈਕਸਾਂ ਵਿੱਚ ਤੁਹਾਡੇ ਵੱਲੋਂ ਦਿੱਤੇ ਜਾਣ ਵਾਲੇ ਟੈਕਸਾਂ ਦੀ ਰਕਮ ਤੋਂ ਵੱਧ ਹੈ ਤਾਂ ਤੁਸੀਂ ਇਸ ਰਕਮ ਦੇ ਅੰਤਰ ਨੂੰ ਰਿਫੰਡ ਵਜੋਂ ਪ੍ਰਾਪਤ ਕਰੋਗੇ।
ਕੌਣ ਯੋਗ ਹੈ
- ਉਹ ਕਿਰਾਏਦਾਰ ਜਿਨ੍ਹਾਂ ਨੇ ਕਿਰਾਇਆ ਦਿੱਤਾ ਹੈ ਅਤੇ 2024 ਵਿੱਚ ਘੱਟੋ ਘੱਟ ਛੇ ਮਹੀਨਿਆਂ ਲਈ ਕਿਸੇ ਯੋਗ ਰੈਂਟਲ ਯੂਨਿਟ ਜਾਂ ਯੂਨਿਟਾਂ ਵਿੱਚ ਰਹੇ ਹਨ
- ਵਿਆਹੁਤਾ ਜਾਂ ‘ਕੌਮਨ-ਲਾਅ ਪਾਰਟਨਰ’, ਪ੍ਰਤੀ ਪਰਿਵਾਰ ਇੱਕ ਕ੍ਰੈਡਿਟ ਕਲੇਮ ਕਰ ਸਕਦੇ ਹਨ। ਹਰੇਕ ਰੂਮ-ਮੇਟ ਆਪਣੇ ਕ੍ਰੈਡਿਟ ਦਾ ਵੱਖਰਾ ਕਲੇਮ ਕਰ ਸਕਦਾ ਹੈ
- $63,000 ਤੱਕ ਦੀ ਕਮਾਈ ਕਰਨ ਵਾਲੇ ਪਰਿਵਾਰਾਂ ਨੂੰ $400 ਦਾ ਪੂਰਾ ਕ੍ਰੈਡਿਟ ਮਿਲੇਗਾ। $83,000 ਤੋਂ ਘੱਟ ਕਮਾਈ ਕਰਨ ਵਾਲਿਆਂ ਨੂੰ ਕ੍ਰੈਡਿਟ ਦਾ ਕੁੱਝ ਹਿੱਸਾ ਮਿਲੇਗਾ
ਤੁਹਾਨੂੰ ਕੀ ਕਰਨ ਦੀ ਲੋੜ ਹੈ
ਰੈਂਟਰ’ਜ਼ ਟੈਕਸ ਕ੍ਰੈਡਿਟ ਬਾਰੇ ਹੋਰ ਜਾਣੋ
ਇਹ ਕਿਸ ਤਰ੍ਹਾਂ ਕੰਮ ਕਰਦਾ ਹੈ
- ਘੱਟ ਆਮਦਨ ਵਾਲੇ ਪਰਿਵਾਰ ਅਤੇ ਅਚਾਨਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਲੋਕ ਕਿਰਾਏ ਦਾ ਭੁਗਤਾਨ ਕਰਨ ਵਿੱਚ ਮਦਦ ਪ੍ਰਾਪਤ ਕਰ ਸਕਦੇ ਹਨ
ਰੈਂਟਲ ਅਸਿਸਟੈਂਸ ਪ੍ਰੋਗਰਾਮ
- ਅਚਾਨਕ ਵਿੱਤੀ ਸੰਕਟ ਲਈ ਰੈਂਟ ਬੈਂਕ: ਅਸਥਾਈ ਅਤੇ ਅਚਾਨਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਲੋਕ ਅਤੇ ਕਿਰਾਏ ਜਾਂ ਜ਼ਰੂਰੀ ਰਿਹਾਇਸ਼ੀ ਖ਼ਰਚਿਆਂ (ਹੀਟ ਜਾਂ ਬਿਜਲੀ) ਦਾ ਭੁਗਤਾਨ ਕਰਨ ਵਿੱਚ ਅਸਮਰੱਥ ਲੋਕ ਐਮਰਜੈਂਸੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ
- ਬਜ਼ੁਰਗ ਕਿਰਾਏਦਾਰਾਂ ਲਈ ਸ਼ੈਲਟਰ ਸਹਾਇਤਾ: ਘੱਟ ਆਮਦਨ ਵਾਲੇ ਬਜ਼ੁਰਗ ਪ੍ਰਾਈਵੇਟ ਮਾਰਕਿਟ ਵਿੱਚ ਕਿਰਾਏ 'ਤੇ ਘਰ ਲੈਣ ਲਈ ਰੈਂਟ ਸਪਲੀਮੈਂਟ ਲਈ ਯੋਗ ਹੋ ਸਕਦੇ ਹਨ
- ਰੈਂਟਲ ਅਸਿਸਟੈਂਸ ਪ੍ਰੋਗਰਾਮ: ਘੱਟ ਆਮਦਨ ਵਾਲੇ ਪਰਿਵਾਰਾਂ, ਜੋਖਮ ਪ੍ਰਤੀ ਕਮਜ਼ੋਰ ਲੋਕਾਂ ਅਤੇ ਹਿੰਸਾ ਤੋਂ ਬਚ ਕੇ ਨਿਕਲੀਆਂ ਔਰਤਾਂ ਨੂੰ ਉਹਨਾਂ ਦੇ ਕਿਰਾਏ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ
ਤੁਹਾਨੂੰ ਕੀ ਕਰਨ ਦੀ ਲੋੜ ਹੈ
ਰੈਂਟਲ ਅਸਿਸਟੈਂਸ ਪ੍ਰੋਗਰਾਮਾਂ ਬਾਰੇ ਹੋਰ ਜਾਣੋ
ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦਾ ਪ੍ਰੋਗਰਾਮ
ਇਹ ਕਿਵੇਂ ਕੰਮ ਕਰਦਾ ਹੈ
- ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਨਵੀਂ, ਉੱਚ ਛੋਟ ਸੀਮਾ ਦੇ ਤਹਿਤ ਮੌਜੂਦਾ ਘਰਾਂ 'ਤੇ ਪ੍ਰੌਪਰਟੀ ਟ੍ਰਾਂਸਫਰ ਟੈਕਸਾਂ 'ਤੇ $8,000 ਤੱਕ ਦੀ ਬੱਚਤ ਹੋ ਸਕਦੀ ਹੈ
- 1 ਅਪ੍ਰੈਲ, 2024 ਤੋਂ, ਜਦੋਂ $835,000 ਤੱਕ ਦਾ ਮੌਜੂਦਾ ਘਰ ਖਰੀਦਿਆ ਜਾਂਦਾ ਹੈ, ਤਾਂ ਪ੍ਰੌਪਰਟੀ ਟ੍ਰਾਂਸਫਰ ਟੈਕਸ ਇਸ ਤਰ੍ਹਾਂ ਹੈ:
- ਪਹਿਲੇ $500,000 'ਤੇ ਖਤਮ ਕਰ ਦਿੱਤਾ ਗਿਆ ਹੈ
- $500,001 ਅਤੇ $835,000 ਦੇ ਵਿਚਕਾਰ ਦੀ ਰਕਮ 'ਤੇ ਕਟੌਤੀ ਕੀਤੀ ਗਈ ਹੈ
- ਖ਼ਰੀਦਾਰ $835,000 ਤੋਂ ਵੱਧ ਅਤੇ $860,000 ਤੋਂ ਘੱਟ ਦੇ ਘਰਾਂ ਲਈ ਕੁੱਝ ਛੋਟ ਲਈ ਯੋਗ ਹੋ ਸਕਦੇ ਹਨ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਜੇ ਤੁਸੀਂ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਤਾਂ ਤੁਹਾਡਾ ਕਨੂੰਨੀ ਪੇਸ਼ੇਵਰ ਤੁਹਾਡੀ ਪ੍ਰੌਪਰਟੀ ਟ੍ਰਾਂਸਫਰ ਟੈਕਸ ਰਿਟਰਨ 'ਤੇ ਛੋਟ ਲਾਗੂ ਕਰੇਗਾ
- ਟੈਕਸ ਵਿੱਚ ਛੋਟ ਨੂੰ ਬਣਾਏ ਰੱਖਣ ਲਈ ਤੁਹਾਨੂੰ ਪ੍ਰੌਪਰਟੀ ਦੇ ਮਾਲਕ ਬਣਨ ਦੇ ਪਹਿਲੇ ਸਾਲ ਦੌਰਾਨ ਵਧੇਰੇ ਲੋੜਾਂ ਪੂਰੀਆਂ ਕਰਨੀਆਂ ਪੈਣਗੀਆਂ
ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਪ੍ਰੋਗਰਾਮ ਬਾਰੇ ਹੋਰ ਜਾਣੋ
ਨਵੇਂ ਬਣੇ ਘਰਾਂ ਦੇ ਖ਼ਰੀਦਾਰ ਵੀ ਨਵੇਂ ਬਣੇ ਘਰ ਦੀ ਛੋਟ ਲਈ ਯੋਗ ਹੋ ਸਕਦੇ ਹਨ। ਨਵੇਂ ਬਣੇ ਘਰ ਦੀ ਛੋਟ ਬਾਰੇ ਹੋਰ ਜਾਣੋ।
ਪ੍ਰੌਪਰਟੀ ਟੈਕਸ ਗ੍ਰਾਂਟਾਂ ਅਤੇ ਮੁਲਤਵੀ ਕਰਨ ਲਈ ਕਰਜ਼ਾ ਪ੍ਰੋਗਰਾਮ (Property tax grants and deferment loan program)
ਇਹ ਕਿਵੇਂ ਕੰਮ ਕਰਦਾ ਹੈ
- ਯੋਗ ਮਕਾਨ ਮਾਲਕ ਹਰ ਸਾਲ ਦਿੱਤੇ ਜਾਣ ਵਾਲੇ ਪ੍ਰੌਪਰਟੀ ਟੈਕਸ ਦੀ ਰਕਮ ਨੂੰ ਘਟਾਉਣ ਲਈ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਹਨ ਜਾਂ ਮੌਜੂਦਾ ਸਾਲ ਲਈ ਆਪਣੇ ਪ੍ਰੌਪਰਟੀ ਟੈਕਸ ਨੂੰ ਮੁਲਤਵੀ ਕਰਨ ਲਈ ਘੱਟ ਵਿਆਜ ਵਾਲੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ।
‘ਹੋਮ ਓਨਰਜ਼ ਗ੍ਰਾਂਟ’ ਪ੍ਰੋਗਰਾਮ (Homeowners grant program)
- ਜ਼ਿਆਦਾਤਰ ਮਕਾਨ ਮਾਲਕ ਨਿਯਮਤ ਗ੍ਰਾਂਟ (regular grant) ਲਈ ਅਰਜ਼ੀ ਦੇ ਸਕਦੇ ਹਨ
- ਕੈਪੀਟਲ ਰੀਜਨਲ ਡਿਸਟ੍ਰਿਕਟ, ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਅਤੇ ਫਰੇਜ਼ਰ ਵੈਲੀ ਰੀਜਨਲ ਡਿਸਟ੍ਰਿਕਟ ਵਿੱਚ ਪ੍ਰੌਪਰਟੀਆਂ ਲਈ $570
- ਸੂਬੇ ਦੇ ਹੋਰ ਸਾਰੇ ਖੇਤਰਾਂ ਲਈ $770
- ਕੁਝ ਲੋਕ ਵਧੇਰੇ ਗ੍ਰਾਂਟ ਪ੍ਰੋਗਰਾਮ (additional grant program) ਦੇ ਤਹਿਤ ਰਕਮ ਦੀ ਜ਼ਿਆਦਾ ਬੱਚਤ ਲਈ ਯੋਗ ਹੋ ਸਕਦੇ ਹਨ:
ਪ੍ਰੌਪਰਟੀ ਟੈਕਸ ਮੁਲਤਵੀ ਲੋਨ ਪ੍ਰੋਗਰਾਮ (Property tax deferment loan program)
- ਯੋਗ ਮਕਾਨ ਮਾਲਕ ਦੋ ਸਟ੍ਰੀਮਾਂ ਦੇ ਅੰਦਰ ਪ੍ਰੌਪਰਟੀ ਟੈਕਸ ਨੂੰ ਮੁਲਤਵੀ ਕਰਨ ਲਈ ਘੱਟ ਵਿਆਜ ਵਾਲੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ।
- ਨਿਯਮਤ ਪ੍ਰੋਗਰਾਮ: 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ, ਆਪਣੇ ਜੀਵਨ ਸਾਥੀ ਦੀ ਮੌਤ ਤੋਂ ਬਾਅਦ ਕਿਸੇ ਵੀ ਉਮਰ ਦੇ ਵਿਅਕਤੀ, ਅਪਾਹਜਤਾ ਵਾਲੇ ਵਿਅਕਤੀ
- ਬੱਚਿਆਂ ਵਾਲੇ ਪਰਿਵਾਰਾਂ ਲਈ ਪ੍ਰੋਗਰਾਮ: ਮਾਪੇ, ਮਤਰੇਏ ਮਾਪੇ ਜਾਂ ਕਿਸੇ ਬੱਚੇ ਦੀ ਵਿੱਤੀ ਸਹਾਇਤਾ ਕਰਨ ਵਾਲੇ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਆਪਣਾ ਪ੍ਰੌਪਰਟੀ ਟੈਕਸ ਨੋਟਿਸ ਪ੍ਰਾਪਤ ਕਰਨ ਤੋਂ ਬਾਅਦ ਅਤੇ ਟੈਕਸ ਦੇ ਬਕਾਇਆ ਹੋਣ ਤੋਂ ਪਹਿਲਾਂ ਹਰ ਸਾਲ ਅਰਜ਼ੀ ਦਿਓ

ਬਜ਼ੁਰਗਾਂ ਲਈ ਸਹਾਇਤਾਵਾਂ
ਬਜ਼ੁਰਗਾਂ ਨੂੰ ਰੋਜ਼ਾਨਾ ਦੇ ਕੰਮਾਂ ਜਿਵੇਂ ਕਿ ਗ੍ਰੋਸਰੀ ਦੀ ਖ਼ਰੀਦਾਰੀ, ਘਰ ਦਾ ਰੱਖ-ਰੱਖਾਅ ਅਤੇ ਹੋਰ ਛੋਟੇ-ਮੋਟੇ ਕੰਮ, ਘਰ ਦੀ ਮਾਮੂਲੀ ਮੁਰੰਮਤ, ਬਰਫ਼ ਸਾਫ ਕਰਨਾ (snow shoveling), ਅਤੇ ਡਾਕਟਰੀ ਅਪੌਇੰਟਮੈਂਟਾਂ ‘ਤੇ ਆਉਣ-ਜਾਣ ਵਿੱਚ ਮਦਦ ਕਰਨ ਲਈ ਹੁਣ ਵਧੇਰੇ ਫੰਡ ਉਪਲਬਧ ਹਨ।
ਬਹੁਤ ਸਾਰੇ ਬਜ਼ੁਰਗ ਜੀਵਨ ਦੀ ਵਧੀਆ ਗੁਣਵੱਤਾ ਨੂੰ ਬਣਾਈ ਰੱਖਣ ਲਈ ਕਈ ਉਪਲਬਧ ਪ੍ਰੋਗਰਾਮਾਂ ਲਈ ਯੋਗ ਹਨ। ਵਧੇਰੇ ਜਾਣੋ।
ਬਜ਼ੁਰਗ ਹਰ ਸਾਲ ਅਦਾ ਕੀਤੇ ਪ੍ਰੌਪਰਟੀ ਟੈਕਸ ਨੂੰ ਘਟਾਉਣ ਜਾਂ ਮੁਲਤਵੀ ਕਰਨ ਲਈ ਗ੍ਰਾਂਟ ਜਾਂ ਘੱਟ ਵਿਆਜ ਵਾਲੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ।
ਘੱਟ-ਆਮਦਨ ਵਾਲੇ ਬਜ਼ੁਰਗ (60 ਤੋਂ ਵੱਧ ਉਮਰ ਦੇ) ਜੋ ਪ੍ਰਾਈਵੇਟ ਮਾਰਕਿਟ ਵਿੱਚ ਕਿਰਾਏ ‘ਤੇ ਰਹਿ ਰਹੇ ਹਨ, ਉਹ ਆਪਣੇ ਕਿਰਾਏ ਦਾ ਭੁਗਤਾਨ ਕਰਨ ਲਈ ਇੱਕ ਸਪਲੀਮੈਂਟ ਲਈ ਅਰਜ਼ੀ ਦੇ ਸਕਦੇ ਹਨ।
ਉਹ ਲੋਕ ਜਿਨ੍ਹਾਂ ਨੂੰ ਘਰ ਵਿੱਚ ਕਿਸੇ ‘ਤੇ ਨਿਰਭਰ ਕੀਤਿਆਂ ਬਿਨਾਂ ਰਹਿਣ ਲਈ ਵਧੇਰੇ ਸਹਾਇਤਾ ਦੀ ਲੋੜ ਹੁੰਦੀ ਹੈ ਉਹ ਜਨਤਕ ਤੌਰ ‘ਤੇ ਉਪਲਬਧ ਸਬਸਿਡੀ ਵਾਲੀ ਸੰਭਾਲ ਦੇ ਯੋਗ ਹੋ ਸਕਦੇ ਹਨ।
ਬਜ਼ੁਰਗ ਡਾਕਟਰੀ ਅਪੌਇੰਟਮੈਂਟਾਂ ‘ਤੇ ਆਉਣ-ਜਾਣ ਜਾਂ ਸਫ਼ਰ ਕਰਨ ਵਿੱਚ ਮਦਦ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ।
ਘੱਟ-ਆਮਦਨ ਵਾਲੇ ਯੋਗ ਬਜ਼ੁਰਗ ਅਤਿਅੰਤ ਗਰਮੀ ਦੌਰਾਨ ਆਪਣੇ ਆਪ ਨੂੰ ਠੰਡਕ ਪਹੁੰਚਾਉਣ ਲਈ ਮੁਫ਼ਤ ਪੋਰਟੇਬਲ AC ਯੂਨਿਟ ਲਈ ਅਰਜ਼ੀ ਦੇ ਸਕਦੇ ਹਨ।
ਇਹ ਕਿਵੇਂ ਕੰਮ ਕਰਦੇ ਹਨ
- ਬਜ਼ੁਰਗ ਕਈ ਸਾਰੇ ਫੈਡਰਲ ਅਤੇ ਸੂਬਾਈ ਆਮਦਨ ਸੁਰੱਖਿਆ ਪ੍ਰੋਗਰਾਮਾਂ ਲਈ ਯੋਗ ਹੋ ਸਕਦੇ ਹਨ।
ਪ੍ਰੋਗਰਾਮ
- ਕੈਨੇਡਾ ਪੈਨਸ਼ਨ ਪਲੈਨ (CPP): 60-64 ਦੀ ਉਮਰ ਵਾਲੇ ਕਾਮੇ ਘੱਟ ਰਿਟਾਇਰਮੈਂਟ ਪੈਨਸ਼ਨ ਲੈ ਸਕਦੇ ਹਨ, ਅਤੇ 65 ਸਾਲ ਦੀ ਉਮਰ ਤੋਂ ਬਾਅਦ ਪੂਰੀ ਪੈਨਸ਼ਨ
- ਬੁਢਾਪਾ ਸੁਰੱਖਿਆ (Old Age Security ਜਾਂ OAS): 65 ਸਾਲ ਤੋਂ ਵੱਧ ਦੇ ਜ਼ਿਆਦਾਤਰ ਲੋਕਾਂ ਲਈ ਉਪਲਬਧ
- ਗਰੰਟੀਸ਼ੁਦਾ ਆਮਦਨ ਸਪਲੀਮੈਂਟ (Guaranteed Income Supplement ਜਾਂ GIS): ਘੱਟ ਆਮਦਨ ਵਾਲੇ OAS ਪ੍ਰਾਪਤਕਰਤਾਵਾਂ ਲਈ
- ਬੀ.ਸੀ. ਬਜ਼ੁਰਗਾਂ ਲਈ ਸਪਲੀਮੈਂਟ (B.C. Senior’s Supplement): 65 ਸਾਲ ਤੋਂ ਵੱਧ ਉਮਰ ਦੇ ਘੱਟ-ਆਮਦਨ ਵਾਲੇ ਬਜ਼ੁਰਗਾਂ ਲਈ ਜੋ OAS ਅਤੇ GIS ਪ੍ਰਾਪਤ ਕਰਦੇ ਹਨ, ਪਰ ਉਨ੍ਹਾਂ ਕੋਲ ਆਮਦਨ ਦੇ ਬਹੁਤ ਘੱਟ ਜਾਂ ਹੋਰ ਕੋਈ ਸਰੋਤ ਨਹੀਂ ਹਨ। 60-64 ਸਾਲ ਦੇ ਕੁਝ ਬਜ਼ੁਰਗ ਵੀ ਯੋਗ ਹੋ ਸਕਦੇ ਹਨ। ਅਰਜ਼ੀ ਦੇਣ ਦੀ ਲੋੜ ਨਹੀਂ ਹੈ, ਭੁਗਤਾਨ ਆਪਣੇ ਆਪ ਆ ਜਾਵੇਗਾ।
- ਭੱਤਾ (Allowance): ਘੱਟ-ਆਮਦਨ ਵਾਲੇ ਬਜ਼ੁਰਗ (60 ਤੋਂ 64 ਸਾਲ ਦੀ ਉਮਰ ਵਿਚਕਾਰ) ਜਿਨ੍ਹਾਂ ਦਾ ਜੀਵਨ ਸਾਥੀ ਜਾਂ ਕੌਮਨ-ਲਾਅ ਪਾਰਟਨਰ OAS ਜਾਂ GIS ਲਈ ਯੋਗ ਹੈ ਜਾਂ ਪ੍ਰਾਪਤ ਕਰ ਰਿਹਾ ਹੈ
- ਜੀਵਤ ਵਿਅਕਤੀ ਲਈ ਭੱਤਾ: ਘੱਟ-ਆਮਦਨ ਵਾਲੇ ਬਜ਼ੁਰਗ (60 ਤੋਂ 64 ਸਾਲ ਦੀ ਉਮਰ ਵਿਚਕਾਰ) ਜਿਨ੍ਹਾਂ ਦੇ ਜੀਵਨ ਸਾਥੀ ਜਾਂ ਕੌਮਨ-ਲਾਅ ਪਾਰਟਨਰ ਦੀ ਮੌਤ ਹੋ ਗਈ ਹੈ
- ਬਜ਼ੁਰਗਾਂ ਲਈ ਬੀ.ਸੀ. ਆਮਦਨ ਸਹਾਇਤਾ: ਉਨ੍ਹਾਂ ਬਜ਼ੁਰਗਾਂ ਲਈ ਜਿਨ੍ਹਾਂ ਦੀ ਉਮਰ 65 ਸਾਲ ਤੋਂ ਵੱਧ ਹੈ ਅਤੇ ਜਿਨ੍ਹਾਂ ਨੂੰ ਵਿੱਤੀ ਲੋੜ ਹੈ ਪਰ ਉਹ OAS ਜਾਂ GIS ਬੈਨਿਫ਼ਿਟਸ ਲਈ ਯੋਗ ਨਹੀਂ ਹਨ
- ਸਾਬਕਾ ਫੌਜੀਆਂ ਲਈ ਬੈਨਿਫ਼ਿਟਸ (Veteran’s Benefits): ਸਾਬਕਾ ਫੌਜੀ ਅਤੇ ਉਨ੍ਹਾਂ ਦੇ ਪਰਿਵਾਰ ਕਈ ਤਰ੍ਹਾਂ ਦੇ ਬੈਨਿਫ਼ਿਟਸ ਲਈ ਯੋਗ ਹੋ ਸਕਦੇ ਹਨ। ‘ਵੈਟਰਨਜ਼ ਅਫ਼ੇਅਰਜ਼ ਕੈਨੇਡਾ’ ਨਾਲ ਸੰਪਰਕ ਕਰੋ
ਤੁਹਾਨੂੰ ਕੀ ਕਰਨ ਦੀ ਲੋੜ ਹੈ
ਆਮਦਨ ਸੁਰੱਖਿਆ ਪ੍ਰੋਗਰਾਮਾਂ ਬਾਰੇ ਵਧੇਰੇ ਜਾਣੋ
ਇਹ ਕਿਵੇਂ ਕੰਮ ਕਰਦਾ ਹੈ
- ਬਜ਼ੁਰਗ ਆਪਣੀ ਪ੍ਰਮੁੱਖ ਰਿਹਾਇਸ਼ ‘ਤੇ ਹਰ ਸਾਲ ਉਨ੍ਹਾਂ ਵੱਲੋਂ ਅਦਾ ਕੀਤੇ ਜਾਂਦੇ ਪ੍ਰੌਪਰਟੀ ਟੈਕਸ ਨੂੰ ਘਟਾਉਣ ਜਾਂ ਮੁਲਤਵੀ ਕਰਨ ਲਈ ਗ੍ਰਾਂਟ ਜਾਂ ਘੱਟ-ਵਿਆਜ ਵਾਲੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ
ਪ੍ਰੋਗਰਾਮ
- ਬਜ਼ੁਰਗਾਂ ਲਈ ‘ਹੋਮਓਨਰ ਗ੍ਰਾਂਟ’: 65 ਸਾਲ ਤੋਂ ਵੱਧ ਉਮਰ ਦੇ ਯੋਗ ਬਜ਼ੁਰਗ, ਜਿਨ੍ਹਾਂ ਦੇ ਘਰ ਦੀ ਅਸੈਸਮੈਂਟ (ਜਾਇਜ਼ਾ) $2,175,000 ਜਾਂ ਇਸ ਤੋਂ ਘੱਟ ਦੀ ਹੈ, ਉਹ ਆਪਣੀ ਮੁੱਖ ਰਿਹਾਇਸ਼ ‘ਤੇ ਆਪਣੇ ਪ੍ਰੌਪਰਟੀ ਟੈਕਸ ਦੇ ਭੁਗਤਾਨ ਨੂੰ ਘਟਾਉਣ ਲਈ ਗ੍ਰਾਂਟ ਲਈ ਯੋਗ ਹੋ ਸਕਦੇ ਹਨ:
- ਕੈਪੀਟਲ ਰੀਜਨ, ਮੈਟਰੋ ਵੈਨਕੂਵਰ ਅਤੇ ਫਰੇਜ਼ਰ ਵੈਲੀ ਵਿੱਚ ਪ੍ਰੌਪਰਟੀਆਂ ਲਈ $845
- ਸੂਬੇ ਦੇ ਹੋਰ ਸਾਰੇ ਖੇਤਰਾਂ ਲਈ $1,045
- ਪ੍ਰੌਪਰਟੀ ਟੈਕਸ ਰਾਹਤ ਲਈ ਔਨਲਾਈਨ ਜਾਂ ਕਿਸੇ ਵੀ ਸਰਵਿਸ ਬੀ ਸੀ ਲੋਕੇਸ਼ਨ ‘ਤੇ ਹਰ ਸਾਲ ਅਰਜ਼ੀ ਦਿਓ
- ਸੀਮਾ ਤੋਂ ਵੱਧ ਮੁੱਲ ਵਾਲੀ ਪ੍ਰੌਪਰਟੀ ਵਾਲੇ ਬਜ਼ੁਰਗ ਅੰਸ਼ਕ ਗ੍ਰਾਂਟ ਲਈ ਯੋਗ ਹੋ ਸਕਦੇ ਹਨ
- ਘੱਟ-ਆਮਦਨ ਵਾਲਿਆਂ ਲਈ ਗ੍ਰਾਂਟ ਸਪਲੀਮੈਂਟ: ਘੱਟ-ਆਮਦਨ ਵਾਲੇ ਯੋਗ ਬਜ਼ੁਰਗ ਇੱਕ ਸਪਲੀਮੈਂਟ ਪ੍ਰਾਪਤ ਕਰ ਸਕਦੇ ਹਨ ਜੋ ਉਸ ਕਿਸੇ ਵੀ ਹੋਮਓਨਰ ਗ੍ਰਾਂਟ ਦੀ ਥਾਂ ਲੈ ਸਕਦਾ ਹੈ ਜੋ ਉਨ੍ਹਾਂ ਨੂੰ ਆਪਣੇ ਘਰ ਦੀ ਕੀਮਤ $2,150,000 ਤੋਂ ਵੱਧ ਹੋਣ ਕਾਰਨ ਗੁਆਣਾ ਪਿਆ ਹੋਵੇ
- ਅਰਜ਼ੀ ਨੂੰ ਪੂਰਾ ਕਰੋ ਅਤੇ ਡਾਕ ਰਾਹੀਂ ਇਸ ਨੂੰ ਜਮ੍ਹਾਂ ਕਰਾਓ
- ਪ੍ਰੌਪਰਟੀ ਟੈਕਸ ਮੁਲਤਵੀ ਕਰਵਾਉਣ ਲਈ ਕਰਜ਼ਾ: 55 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਜਾਂ ਕਿਸੇ ਵੀ ਉਮਰ ਦੇ ਜੀਵਤ ਜੀਵਨ ਸਾਥੀ ਮੌਜੂਦਾ ਸਾਲ ਲਈ ਆਪਣੇ ਪ੍ਰੌਪਰਟੀ ਟੈਕਸ ਨੂੰ ਮੁਲਤਵੀ ਕਰਨ ਲਈ ਘੱਟ ਵਿਆਜ ਵਾਲੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਪ੍ਰੌਪਰਟੀ ਟੈਕਸ ਨੋਟਿਸ ਪ੍ਰਾਪਤ ਕਰਨ ਤੋਂ ਬਾਅਦ ਅਤੇ ਪ੍ਰੌਪਰਟੀ ਟੈਕਸ ਬਕਾਇਆ ਹੋਣ ਤੋਂ ਪਹਿਲਾਂ ਗ੍ਰਾਂਟ ਜਾਂ ਕਰਜ਼ਾ, ਦੋਨਾਂ ਲਈ ਅਰਜ਼ੀ ਦਿਓ
ਜੇਕਰ ਤੁਸੀਂ ਪਿਛਲੇ ਸਾਲ ਦੀ ਗ੍ਰਾਂਟ ਲਈ ਯੋਗ ਸੀ ਪਰ ਤੁਸੀਂ ਅਰਜ਼ੀ ਨਹੀਂ ਦਿੱਤੀ ਸੀ ਤਾਂ ਤੁਸੀਂ ਪਿਛਲੀ ਕਿਸੇ ਤਾਰੀਖ ਤੋਂ ਪ੍ਰਭਾਵੀ ਅਰਜ਼ੀ ਵੀ ਦੇ ਸਕਦੇ ਹੋ।
ਬਜ਼ੁਰਗ ਕਿਰਾਏਦਾਰਾਂ ਲਈ ਸ਼ੈਲਟਰ ਏਡ (SAFER)
ਇਹ ਕਿਵੇਂ ਕੰਮ ਕਰਦਾ ਹੈ
- ਪ੍ਰਾਈਵੇਟ ਮਾਰਕਿਟ ਵਿੱਚ ਕਿਰਾਏ ‘ਤੇ ਰਹਿਣ ਵਾਲੇ ਕਈ ਬਜ਼ੁਰਗ ਕਿਰਾਏ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਇੱਕ ਸਪਲੀਮੈਂਟ ਲਈ ਯੋਗ ਹੋ ਸਕਦੇ ਹਨ। ਅਗਸਤ 2024 ਵਿੱਚ ਆਮਦਨ ਦੀ ਸੀਮਾ ਵੱਧ ਰਹੀ ਹੈ
ਕੌਣ ਯੋਗ ਹੈ
- 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ
- ਉਹ ਲੋਕ ਜੋ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਪੂਰੇ 12 ਮਹੀਨਿਆਂ ਲਈ ਬੀ.ਸੀ. ਵਿੱਚ ਰਹਿ ਚੁੱਕੇ ਹਨ
- ਉਹ ਲੋਕ ਜੋ ਕਨੇਡਿਅਨ ਨਾਗਰਿਕਤਾ (citizenship) ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ
- ਟੈਕਸ ਕੱਟੇ ਜਾਣ ਤੋਂ ਪਹਿਲਾਂ ਦੀ ਸਾਰੇ ਘਰਦਿਆਂ ਦੀ ਕੁੱਲ ਆਮਦਨ ਦੇ 30% ਤੋਂ ਵੱਧ ਨਾਲ ਕਿਰਾਏ ਦਾ ਭੁਗਤਾਨ ਕਰਨ ਵਾਲੇ ਲੋਕ
- ਉਹ ਲੋਕ ਜਿਨ੍ਹਾਂ ਦੀ ਟੈਕਸ ਕੱਟੇ ਜਾਣ ਤੋਂ ਪਹਿਲਾਂ ਦੀ ਆਮਦਨ $37,240 ਪ੍ਰਤੀ ਸਾਲ ਤੋਂ ਘੱਟ ਹੈ (ਅਗਸਤ 2024 ਤੋਂ ਪ੍ਰਭਾਵੀ)
ਤੁਹਾਨੂੰ ਕੀ ਕਰਨ ਦੀ ਲੋੜ ਹੈ
ਕਿਰਾਏ ‘ਤੇ ਰਹਿਣ ਵਾਲੇ ਬਜ਼ੁਰਗਾਂ ਲਈ ਸ਼ੈਲਟਰ ਏਡ ਬਾਰੇ ਵਧੇਰੇ ਜਾਣੋ
ਇਹ ਕਿਵੇਂ ਕੰਮ ਕਰਦਾ ਹੈ
- ਉਹ ਲੋਕ ਜਿਨ੍ਹਾਂ ਨੂੰ ਘਰ ਵਿੱਚ ਬਿਨਾਂ ਕਿਸੇ ਸਹਾਇਤਾ ਦੇ ਵਧੇਰੇ ਮਦਦ ਦੀ ਲੋੜ ਹੁੰਦੀ ਹੈ ਉਹ ਜਨਤਕ ਤੌਰ ‘ਤੇ ਸਬਸਿਡੀ ਵਾਲੇ ਘਰ ਅਤੇ ਕਮਿਊਨਿਟੀ ਸੰਭਾਲ ਲਈ ਯੋਗ ਹੋ ਸਕਦੇ ਹਨ:
- ਨਰਸਿੰਗ ਸੇਵਾਵਾਂ
- ਨਿੱਜੀ ਸੰਭਾਲ ਅਤੇ ਘਰ-ਅਧਾਰਿਤ ਰੋਜ਼ਾਨਾ ਦੀਆਂ ਗਤੀਵਿਧੀਆਂ
- ਪੋਸ਼ਣ ਅਤੇ ਖੁਰਾਕ ਮਾਹਰ (dietitian) ਸੇਵਾਵਾਂ
- ਮੁੜ ਵਸੇਬੀ (rehabilitation) ਥੈਰੇਪੀ
- ਡੇਅ ਪ੍ਰੋਗਰਾਮ
- ਐਡਵਾਂਸਡ ਅਤੇ ‘ਪੈਲੀਏਟਿਵ ਕੇਅਰ’ (ਸੰਭਾਲ ਦੀ ਇੱਕ ਪਹੁੰਚ ਜਿਸਦਾ ਉਦੇਸ਼ ਗੰਭੀਰ, ਗੁੰਝਲਦਾਰ ਅਤੇ ਅਕਸਰ ਲਾ-ਇਲਾਜ ਬਿਮਾਰੀਆਂ ਨਾਲ ਨਜਿੱਠ ਰਹੇ ਮਰੀਜ਼ਾਂ ਦੀ ਜੀਵਨ ਦੀ ਗੁਣਵੱਤਾ ਨੂੰ ਅਨੁਕੂਲ ਬਣਾਉਣਾ ਹੈ)
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਕਿਸੇ ਰਿਫ਼ਰਲ ਲਈ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਗੱਲ ਕਰੋ, ਜਾਂ ਬੇਨਤੀ ਕਰਨ ਲਈ ਆਪਣੀ ਸਿਹਤ ਅਥੌਰਿਟੀ ਨਾਲ ਸੰਪਰਕ ਕਰੋ
ਘਰ ਅਤੇ ਕਮਿਊਨਿਟੀ ਸੰਭਾਲ ਬਾਰੇ ਵਧੇਰੇ ਜਾਣੋ
ਰੋਜ਼ਾਨਾ ਦੀਆਂ ਅਤੇ ਡਾਕਟਰੀ ਜ਼ਰੂਰਤਾਂ ਲਈ ਸਫ਼ਰ ਵਿੱਚ ਸਹਾਇਤਾ
ਇਹ ਕਿਵੇਂ ਕੰਮ ਕਰਦਾ ਹੈ
- ਬਜ਼ੁਰਗ ਆਪਣੀਆਂ ਡਾਕਟਰੀ ਅਪੌਇੰਟਮੈਂਟਾਂ ‘ਤੇ ਆਉਣ-ਜਾਣ ਦੇ ਖ਼ਰਚਿਆਂ ਨੂੰ ਘਟਾਉਣ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ
- ਬੀ ਸੀ ਬੱਸ ਪਾਸ: 60 ਸਾਲ ਤੋਂ ਵੱਧ ਉਮਰ ਦੇ ਘੱਟ-ਆਮਦਨ ਵਾਲੇ ਬਜ਼ੁਰਗ ਘੱਟ ਲਾਗਤ ਵਾਲੇ ਬੱਸ ਪਾਸ ਲਈ ਅਰਜ਼ੀ ਦੇ ਸਕਦੇ ਹਨ ਜਿਸਦੀ ਕੀਮਤ $45 ਪ੍ਰਤੀ ਸਾਲ ਹੈ
- ਫ਼ੈਰੀ ਦਾ ਸਫ਼ਰ: ਬੀ.ਸੀ. ਵਿੱਚ ਰਹਿਣ ਵਾਲੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਆਪਣੀ ਆਈ.ਡੀ. ਦਿਖਾ ਕੇ ਦਿਨ ਅਤੇ ਰਸਤੇ ਦੇ ਅਧਾਰ ‘ਤੇ ਮੁਫ਼ਤ ਵਿੱਚ ਜਾਂ ਘੱਟ ਕੀਮਤ ਵਿੱਚ ਸਫ਼ਰ ਕਰ ਸਕਦੇ ਹਨ
- ਵੌਲੰਟੀਅਰ ਡਰਾਈਵਰ ਪ੍ਰੋਗਰਾਮ: ਕਈ ਸੀਨੀਅਰ ਸੈਂਟਰ ਅਤੇ ਕਮਿਊਨਿਟੀ ਸੈਂਟਰ ਬਜ਼ੁਰਗਾਂ ਦੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਉਣ-ਜਾਣ ਵਿੱਚ ਮਦਦ ਕਰਨ ਲਈ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਨ
- ਇਲਾਜ ਸੰਬੰਧਤ ਸਫ਼ਰ ਅਤੇ ਰਿਹਾਇਸ਼ੀ ਸਹਾਇਤਾ: ਉਹ ਲੋਕ ਜਿਨ੍ਹਾਂ ਨੂੰ ਕੈਂਸਰ ਜਾਂ ਮਾਹਰ ਡਾਕਟਰੀ ਸੰਭਾਲ ਲਈ ਆਪਣੇ ਭਾਈਚਾਰੇ ਤੋਂ ਬਾਹਰ ਸਫ਼ਰ ਕਰਨ ਦੀ ਲੋੜ ਹੁੰਦੀ ਹੈ, ਉਹ ਆਵਾਜਾਈ ਅਤੇ ਹੋਟਲ ਦੇ ਖ਼ਰਚਿਆਂ ਦਾ ਭੁਗਤਾਨ ਕਰਨ ਲਈ ਮਦਦ ਲਈ ਅਰਜ਼ੀ ਦੇ ਸਕਦੇ ਹਨ
ਤੁਹਾਨੂੰ ਕੀ ਕਰਨ ਦੀ ਲੋੜ ਹੈ
ਇਹ ਕਿਵੇਂ ਕੰਮ ਕਰਦਾ ਹੈ
- ਘੱਟ-ਆਮਦਨ ਵਾਲੇ ਯੋਗ ਬਜ਼ੁਰਗ ਜਾਂ ਚਿਰਕਾਲੀਨ (chronic) ਸਿਹਤ ਅਵਸਥਾਵਾਂ ਵਾਲੇ ਲੋਕ ਅਤਿਅੰਤ ਗਰਮੀ ਦੀਆਂ ਘਟਨਾਵਾਂ ਦੌਰਾਨ ਆਪਣੇ ਆਪ ਨੂੰ ਠੰਡਕ ਪਹੁੰਚਾਉਣ ਵਿੱਚ ਮਦਦ ਕਰਨ ਲਈ ਇੱਕ ਮੁਫ਼ਤ ਪੋਰਟੇਬਲ ਏਅਰ ਕੰਡਿਸ਼ਨਿੰਗ ਯੂਨਿਟ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਹਨ, ਜਦੋਂ ਤੱਕ ਸਪਲਾਈ ਉਪਲਬਧ ਹੋਵੇ
ਕੌਣ ਯੋਗ ਹੈ
- ਘਰ ਦੇ ਮਾਲਕ ਜਾਂ ਜੋ ਕਿਰਾਏਦਾਰ ਹਨ। ਕਿਰਾਏਦਾਰਾਂ ਨੂੰ ਮਕਾਨ ਮਾਲਕ ਤੋਂ ਸਹਿਮਤੀ ਲੈਣਾ ਲਾਜ਼ਮੀ ਹੈ
- ਗਰਮੀ ਸੰਬੰਧਤ ਘਟਨਾਵਾਂ ਲਈ ਡਾਕਟਰੀ ਤੌਰ ‘ਤੇ ਕਮਜ਼ੋਰ ਹੋਣ ਲਈ ਬੀ ਸੀ ਹੈਲਥ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਲੋਕ (ਉਦਾਹਰਨ ਲਈ, ਬਜ਼ੁਰਗ ਜਾਂ ਚਿਰਕਾਲੀਨ ਸਿਹਤ ਅਵਸਥਾਵਾਂ ਵਾਲੇ ਲੋਕ)
- ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੇ ਅਧਾਰ ‘ਤੇ ਟੈਕਸ ਕੱਟੇ ਜਾਣ ਤੋਂ ਪਹਿਲਾਂ ਦੀ ਆਮਦਨ ਸੀਮਾ ਨੂੰ ਪੂਰਾ ਕਰਨ ਵਾਲੇ:
- 1 ਵਿਅਕਤੀ: $39,700
- 2 ਲੋਕ: $49,500
- 3 ਲੋਕ: $60,800
- 4 ਲੋਕ: $73,800
- 5 ਲੋਕ: $83,700
- 6 ਲੋਕ: $94,400
- 7 ਜਾਂ ਇਸ ਤੋਂ ਵਧੇਰੇ ਲੋਕ: $105,100
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਕੁਝ ਬਜ਼ੁਰਗਾਂ ਨੂੰ ਉਹਨਾਂ ਦੀ ਖੇਤਰੀ ਸਿਹਤ ਅਥੌਰਿਟੀ ਜਾਂ ਹੋਮ ਕੇਅਰ ਪ੍ਰੋਗਰਾਮ ਦੁਆਰਾ ਪ੍ਰੋਗਰਾਮ ਵਿੱਚ ਭੇਜਿਆ ਜਾ ਸਕਦਾ ਹੈ
- ਬੀ ਸੀ ਹਾਇਡਰੋ (BC Hydro) ਜਾਂ ਫੋਰਟਿਸ ਬੀ ਸੀ (FortisBc) ਰਾਹੀਂ ਔਨਲਾਈਨ ਅਰਜ਼ੀ ਦਿਓ
- ਜੇ ਤੁਹਾਡਾ ਖਾਤਾ ਨਹੀਂ ਬਣਿਆ ਹੋਇਆ ਜਾਂ ਮਦਦ ਲਈ 1-800-224-9376 ‘ਤੇ ਕੌਲ ਕਰੋ
ਬੀ ਸੀ ਹਾਇਡਰੋ ਨਾਲ ਔਨਲਾਈਨ ਅਰਜ਼ੀ ਦਿਓ
ਫੋਰਟਿਸ ਬੀ ਸੀ ਨਾਲ ਔਨਲਾਈਨ ਅਰਜ਼ੀ ਦਿਓ (ਨੈਲਸਨ ਅਤੇ ਪੈਂਟਿਕਟਨ ਖੇਤਰ)

ਲੋਕਾਂ ਵਾਸਤੇ ਸਹਾਇਤਾਵਾਂ ਜਦੋਂ ਉਹਨਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ
ਹਾਲ ਹੀ ਵਿੱਚ ਕੀਤੇ ਵਾਧਿਆਂ ਤੋਂ ਭਾਵ ਹੈ ਕਿ ਬੀ.ਸੀ. ਵਿੱਚ ਕੈਨੇਡਾ ਭਰ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ‘ਮਿਨਿਮਮ ਵੇਜ’ (ਪ੍ਰਤੀ ਘੰਟਾ ਘੱਟ ਤੋਂ ਘੱਟ ਭੁਗਤਾਨ) ਹੈ।
ਬੀ.ਸੀ. ਦੇ ‘ਮਿਨਿਮਮ ਵੇਜ’ ਵਾਲੇ ਕਾਮਿਆਂ ਦੇ ਭੁਗਤਾਨ ਵਿੱਚ 1 ਜੂਨ ਨੂੰ ਵਾਧਾ ਕੀਤਾ ਗਿਆ, ਅਤੇ ‘ਮਿਨਿਮਮ ਵੇਜ’ ਵਧ ਕੇ $17.40 ਪ੍ਰਤੀ ਘੰਟਾ ਹੋ ਗਈ।
ਅਪਾਹਜਤਾ ਵਾਲੇ ਜਾਂ ਲੋੜਵੰਦ ਯੋਗ ਲੋਕ ਵਿੱਤੀ ਅਤੇ ਸਿਹਤ ਸੰਬੰਧੀ ਸਹਾਇਤਾ ਲੈਣ ਲਈ ਅਰਜ਼ੀ ਦੇ ਸਕਦੇ ਹਨ।
ਪਰਿਵਾਰਕ ਹਿੰਸਾ ਕਾਰਨ ਘਰ ਛੱਡਣ ਵਾਲੇ ਲੋਕ 25 ਘੰਟਿਆਂ ਦੀ ਮੁਫ਼ਤ, ਵਧੇਰੇ ਕਨੂੰਨੀ ਸਹਾਇਤਾ (ਲੀਗਲ ਏਡ) ਲਈ ਯੋਗ ਹੋ ਸਕਦੇ ਹਨ। ਅਰਜ਼ੀ ਦੇਣ ਲਈ ਕੌਲ ਕਰੋ।
ਪਰਿਵਾਰਕ, ਮਾਨਸਿਕ ਸਿਹਤ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਹਾਇਤਾ ਲਈ ਮੁਫ਼ਤ ਅਤੇ ਕਿਫ਼ਾਇਤੀ ਕਾਊਂਸਲਿੰਗ ਤੱਕ ਪਹੁੰਚ ਕਰਨ ਲਈ 811 'ਤੇ ਕੌਲ ਕਰੋ।
ਸਿਗਰਟ ਛੱਡਣ ਵਿੱਚ ਮਦਦ ਲਈ ਕਿਸੇ ਵੀ ਉਮਰ ਦੇ ਲੋਕ ਮੁਫ਼ਤ ‘ਨਿਕੋਟੀਨ ਰਿਪਲੇਸਮੈਂਟ ਥੈਰੇਪੀ’ ਪ੍ਰਾਪਤ ਕਰ ਸਕਦੇ ਹਨ। ਆਪਣੇ ਫਾਰਮਾਸਿਸਟ ਨਾਲ ਗੱਲ ਕਰੋ।
ਕੰਮ ਦੀ ਭਾਲ ਕਰ ਰਹੇ ਜਾਂ ਜੰਗਲਾਤ ਖੇਤਰ ਵਿੱਚ ਕੰਮ ਕਰਨਾ ਛੱਡਣ ਵਾਲੇ ਲੋਕ ਇੱਕ ਨਵੇਂ ਕਰੀਅਰ ਲਈ, ਨੌਕਰੀ ਲੱਭਣ ਅਤੇ ਸਿਖਲਾਈ ਲਈ ਮਦਦ ਪ੍ਰਾਪਤ ਕਰ ਸਕਦੇ ਹਨ।
ਇਹ ਕਿਵੇਂ ਕੰਮ ਕਰਦਾ ਹੈ
- 1 ਜੂਨ, 2024 ਨੂੰ, ਬੀ.ਸੀ. ਦੀ ‘ਮਿਨਿਮਮ ਵੇਜ’ $16.75 ਤੋਂ ਵਧ ਕੇ $17.40 ਪ੍ਰਤੀ ਘੰਟਾ ਹੋ ਗਈ ਹੈ। ਇਹ 3.9٪ ਦਾ ਵਾਧਾ ਹੈ, ਜੋ 2023 ਵਿੱਚ ਬੀ.ਸੀ. ਦੀ ਮਹਿੰਗਾਈ ਦੀ ਔਸਤ ਦਰ ਦੇ ਅਨੁਕੂਲ ਹੈ
- ਕਾਮਿਆਂ ਨੂੰ ਭੁਗਤਾਨ - ਪ੍ਰਤੀ ਘੰਟਾ, ਤਨਖਾਹ, ਕਮਿਸ਼ਨ ਜਾਂ ਇਨਸੈਂਟਿਵ ਦੇ ਅਧਾਰ 'ਤੇ ਚਾਹੇ ਕਿਸੇ ਵੀ ਤਰੀਕੇ ਨਾਲ ਕੀਤਾ ਜਾਂਦਾ ਹੋਵੇ, ਪਰ ਉਨ੍ਹਾਂ ਨੂੰ ‘ਮਿਨਿਮਮ ਵੇਜ’ ਦਿੱਤੀ ਜਾਣੀ ਲਾਜ਼ਮੀ ਹੈ
- ਜੇ ਉਹ ਆਪਣੇ ਕੰਮ ਦੇ ਘੰਟਿਆਂ ਲਈ ‘ਮਿਨਿਮਮ ਵੇਜ’ ਨਾਲੋਂ ਘੱਟ ਕਮਾਉਂਦੇ ਹਨ, ਤਾਂ ਉਸ ਭੁਗਤਾਨ ਦੀ ਕਮੀ ਰੁਜ਼ਗਾਰ ਦੇਣ ਵਾਲਿਆਂ ਨੂੰ ਪੂਰੀ ਕਰਨੀ ਪਵੇਗੀ, ਤਾਂ ਕਿ ਉਹਨਾਂ ਦੀ ਕਮਾਈ ‘ਮਿਨਿਮਮ ਵੇਜ’ ਦੇ ਬਰਾਬਰ ਹੋ ਜਾਵੇ
ਮਿਨਿਮਮ ਵੇਜ’ ਦੇ ਰੇਟ
- ਕੁਝ ਕਾਮਿਆਂ ਲਈ ਵੱਖਰੇ ਰੇਟ (ਭੁਗਤਾਨ ਦੀ ਦਰ) ਹੁੰਦੇ ਹਨ:
- ਜ਼ਿਆਦਾਤਰ ਕਾਮਿਆਂ ਲਈ (ਲਿਕੱਰ ਸਰਵਰਾਂ ਸਮੇਤ): $17.40/ਘੰਟਾ
- ਲਿਵ-ਇਨ ਕੈਂਪ ਲੀਡਰਾਂ (ਗਰਮੀਆਂ ਦੌਰਾਨ ਜਾਂ ਮੌਸਮੀ ਕੈਂਪ ਵਿਖੇ ਲਿਵ-ਇਨ ਅਧਾਰ ‘ਤੇ ਰਹਿੰਦੇ ਹੋਏ, ਜੋ ਵਿਅਕਤੀ ਕੈਂਪਰਾਂ ਨੂੰ ਹਿਦਾਇਤਾਂ ਅਤੇ ਕਾਉਂਸਲਿੰਗ ਪ੍ਰਦਾਨ ਕਰਦੇ ਹਨ) ਲਈ: $138.93/ ਦਿਨ
- ਲਿਵ-ਇਨ ਹੋਮ ਸੁਪੋਰਟ ਵਰਕਰਾਂ (ਬਜ਼ੁਰਗਾਂ, ਅਪਾਹਜਤਾ ਵਾਲੇ ਵਿਅਕਤੀਆਂ ਨੂੰ ਨਿੱਜੀ ਸੰਭਾਲ ਅਤੇ ਸਾਥ ਦੇਣ ਵਾਲੇ ਵਰਕਰ) ਲਈ: $129.62/ਦਿਨ
- ਰਿਹਾਇਸ਼ੀ ਇਮਾਰਤਾਂ ਦੀ ਸਾਂਭ-ਸੰਭਾਲ ਕਰਨ ਵਾਲੇ ਵਿਅਕਤੀਆਂ ਲਈ:
- $1,041.80/ਮਹੀਨਾ ਦੇ ਨਾਲ $41.74 ਪ੍ਰਤੀ ਸੂਈਟ (9-60 ਸੁਈਟਾਂ ਤਕ)
- $3,548.63/ ਮਹੀਨਾ (61+ ਸੁਈਟਾਂ ਤਕ)
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਕਾਮਿਆਂ ਨੂੰ 1 ਜੂਨ, 2024 ਤੋਂ ਆਪਣੇ ਆਪ ਨਵੇਂ ਰੇਟ ਮਿਲਣ ਲੱਗ ਜਾਣਗੇ
‘ਮਿਨਿਮਮ ਵੇਜ’ ਦੇ ਨਿਯਮਾਂ ਬਾਰੇ ਹੋਰ ਜਾਣੋ
ਇਨਕਮ ਅਤੇ ਡਿਸਏਬਿਲਿਟੀ ਅਸਿਸਟੈਂਸ
ਇਹ ਕਿਵੇਂ ਕੰਮ ਕਰਦੀ ਹੈ
- ਇਨਕਮ ਅਸਿਸਟੈਂਸ ਉਹਨਾਂ ਲੋਕਾਂ ਦੀ ਮਦਦ ਕਰ ਸਕਦੀ ਹੈ ਜਿਨ੍ਹਾਂ ਦੀਆਂ ਵਿੱਤੀ ਜ਼ਰੂਰਤਾਂ ਹਨ ਅਤੇ ਉਹਨਾਂ ਕੋਲ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੈ
- ਡਿਸਏਬਿਲਿਟੀ ਅਸਿਸਟੈਂਸ ਉਹਨਾਂ ਲੋਕਾਂ ਦੀ ਮਦਦ ਕਰ ਸਕਦੀ ਹੈ ਜੋ ਅਪਾਹਜਤਾ ਵਾਲੇ ਵਿਅਕਤੀ (Person with Disabilities) ਦੀ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਜਿਨ੍ਹਾਂ ਦੀਆਂ ਵਿੱਤੀ ਅਤੇ ਸਿਹਤ ਸੰਬੰਧੀ ਜ਼ਰੂਰਤਾਂ ਹਨ
ਤੁਹਾਨੂੰ ਕੀ ਕਰਨ ਦੀ ਲੋੜ ਹੈ
ਪਰਿਵਾਰਕ ਹਿੰਸਾ ਕਾਰਨ ਘਰ ਛੱਡਣ ਵਾਲੇ ਲੋਕਾਂ ਲਈ ਕਨੂੰਨੀ ਸਹਾਇਤਾ
ਮੁਫ਼ਤ ਜਾਂ ਘੱਟ-ਲਾਗਤ ਵਾਲੀ ਕਾਊਂਸਲਿੰਗ
ਇਹ ਕਿਵੇਂ ਕੰਮ ਕਰਦੀ ਹੈ
- ਪਰਿਵਾਰਕ, ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਚਿੰਤਾਵਾਂ ਬਾਰੇ ਸਹਾਇਤਾ ਲੈਣ ਲਈ ਵਿਅਕਤੀ, ਜੋੜੇ ਅਤੇ ਪਰਿਵਾਰ ਮੁਫ਼ਤ, ਘੱਟ ਲਾਗਤ ‘ਤੇ, ਜਾਂ ਸਲਾਈਡਿੰਗ-ਸਕੇਲ (ਕਿਸੇ ਥੈਰੇਪਿਸਟ ਦੇ ਅੱਧੇ ਰੇਟ) ‘ਤੇ ਕਾਊਂਸਲਿੰਗ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ
- ਵਿਅਕਤੀਗਤ ਤੌਰ ‘ਤੇ ਅਤੇ ‘ਵਰਚੁਅਲ’ ਸੇਵਾਵਾਂ ਉਪਲਬਧ ਹਨ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਆਪਣੇ ਇਲਾਕੇ ਵਿੱਚ ਕਿਸੇ ਸੇਵਾ ਪ੍ਰਦਾਨਕ ਦੀ ਭਾਲ ਕਰੋ ਜਾਂ ਮਦਦ ਲਈ 811‘ਤੇ ਕੌਲ ਕਰੋ
ਆਪਣੇ ਨੇੜੇ ਮੁਫ਼ਤ ਜਾਂ ਘੱਟ ਲਾਗਤ ਵਾਲੀਆਂ ਕਾਊਂਸਲਿੰਗ ਸੇਵਾਵਾਂ ਲੱਭੋ
ਸਿਗਰਟ ਛੱਡਣ ਲਈ ਮੁਫ਼ਤ ਸਹਾਇਤਾ
ਇਹ ਕਿਵੇਂ ਕੰਮ ਕਰਦਾ ਹੈ
- ਸਿਗਰਟ ਛੱਡਣ ਵਿੱਚ ਮਦਦ ਕਰਨ ਲਈ ਤੰਬਾਕੂ ਵਾਲੇ ਉਤਪਾਦਾਂ ਦੀ ਵਰਤੋਂ ਛੱਡਣ ਲਈ ਫਾਰਮਾਕੇਅਰ (PharmaCare) ਦੇ ਤਹਿਤ ਹਰ ਉਮਰ ਦੇ ਲੋਕਾਂ ਨੂੰ ਮੁਫ਼ਤ ਕਵਰੇਜ ਮਿਲ ਸਕਦੀ ਹੈ।
- ‘ਨਿਕੋਟੀਨ ਗਮ, ‘ਲੋਜ਼ੇਂਜ’ ਅਤੇ ਪੈਚਾਂ (ਨਿਕੋਟੀਨ ਰਿਪਲੇਸਮੈਂਟ ਥੈਰੇਪੀ) ਦਾ ਪੂਰਾ ਖ਼ਰਚਾ
- ਤੁਹਾਡੀ ਫਾਰਮਾਕੇਅਰ ਯੋਜਨਾ (PharmaCare plan) ਦੇ ਅਧਾਰ 'ਤੇ ਤੁਹਾਡੀ ਕਵਰੇਜ ਦੇ ਨਾਲ, ਸਿਗਰਟ ਛੱਡਣ ਦੀਆਂ ਕੁਝ ਦਵਾਈਆਂ ਦਾ ਅੰਸ਼ਕ ਜਾਂ ਪੂਰਾ ਖ਼ਰਚਾ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਅਸੈਸਮੈਂਟ ਅਤੇ ਇਲਾਜ ਬਾਰੇ ਆਪਣੇ ਫਾਰਮਾਸਿਸਟ ਨਾਲ ਗੱਲ ਕਰੋ
ਸਿਗਰਟ ਛੱਡਣ ਬਾਰੇ ਹੋਰ ਜਾਣੋ
ਇਹ ਕਿਵੇਂ ਕੰਮ ਕਰਦਾ ਹੈ
- ਜਿਹੜੇ ਲੋਕਾਂ ਕੋਲ ਕੰਮ ਨਹੀਂ ਹੈ, ਜਿਨ੍ਹਾਂ ਦਾ ਕੰਮ ਸਥਿਰ ਨਹੀਂ ਹੈ ਜਾਂ ਜੰਗਲਾਤ ਖੇਤਰ ਵਿੱਚ ਤਬਦੀਲੀਆਂ ਕਾਰਨ ਉਸ ਤੋਂ ਪ੍ਰਭਾਵਿਤ ਹੋਏ ਹਨ, ਉਹ ਇੱਕ ਨਵਾਂ ਕਰੀਅਰ ਬਣਾਉਣ ਲਈ ਜਾਂ ਨੌਕਰੀ ਲੱਭਣ ਜਾਂ ਹੁਨਰ ਪ੍ਰਾਪਤ ਕਰਨ ਵਿੱਚ ਮਦਦ ਲੈ ਸਕਦੇ ਹਨ।
ਪ੍ਰੋਗਰਾਮ
- WorkBC ਰੁਜ਼ਗਾਰ ਸੰਬੰਧੀ ਬਹੁਤ ਸਾਰੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਦਾ ਹੈ ਅਤੇ ਉਸ ਲਈ ਔਨਲਾਈਨ ਅਤੇ ਵਿਅਕਤੀਗਤ ਤੌਰ 'ਤੇ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ:
- ਇੰਪਲੌਇਮੈਂਟ ਕਾਊਂਸਲਿੰਗ
- ਵਰਕਸ਼ਾਪਾਂ
- ਰੈਜ਼ਿਉਮੇ ਅਤੇ ਨੌਕਰੀਆਂ ਲੱਭਣ ਵਿੱਚ ਮਦਦ
- ਸਕਿੱਲਸ ਟ੍ਰੇਨਿੰਗ ਅਤੇ ਕੰਮ ਦਾ ਤਜਰਬਾ
- ਵੇਜ ਸਬਸਿਡੀ
- ‘ਔਨ-ਦ-ਜੌਬ (ਕੰਮ ਕਰਦੇ ਹੋਏ) ਸਹਾਇਤਾ
- ਜੰਗਲਾਤ ਦੇ ਖੇਤਰ ਵਿੱਚ ਆਉਣ ਵਾਲੀਆਂ ਤਬਦੀਲੀਆਂ ਕਾਰਨ ਜੰਗਲਾਤ ਦੇ ਵਰਕਰਾਂ ਲਈ ਸਹਾਇਤਾਵਾਂ:
- 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਾਮਿਆਂ ਲਈ ‘ਬ੍ਰਿਜਿੰਗ ਟੂ ਰਿਟਾਇਰਮੈਂਟ’ ਪ੍ਰੋਗਰਾਮ ਨਵੇਂ ਕਰੀਅਰ ਲਈ ਹੁਨਰ ਸਿਖਲਾਈ ਅਤੇ ਪੜ੍ਹਾਈ ਦੇ ਮੌਕੇ
ਤੁਹਾਨੂੰ ਕੀ ਕਰਨ ਦੀ ਲੋੜ ਹੈ

ਕਾਰੋਬਾਰਾਂ ਦੇ ਮਾਲਕਾਂ ਅਤੇ ਉੱਦਮ ਕਰਤਾਵਾਂ ਲਈ ਸਹਾਇਤਾ
2022 ਵਿੱਚ ਬੀ.ਸੀ. ਨੇ 66,000 ਅਤੇ 2023 ਵਿੱਚ ਲਗਭਗ 75,000 ਨਵੀਆਂ ਨੌਕਰੀਆਂ ਉਪਲਬਧ ਕਰਵਾਈਆਂ।
ਛੋਟ ਦੀ ਸੀਮਾ ਦੁੱਗਣੀ ਹੋ ਕੇ $1 ਮਿਲੀਅਨ ਹੋ ਗਈ ਹੈ, ਛੋਟੇ ਪੈਮਾਨੇ ਦੇ 90% ਕਾਰੋਬਾਰਾਂ ਨੂੰ ਹੁਣ ਟੈਕਸ ਅਦਾ ਕਰਨ ਤੋਂ ਛੋਟ ਦਿੱਤੀ ਗਈ ਹੈ।
ਵੱਧ ਰਹੇ ਕਾਰੋਬਾਰ 2% ਟੈਕਸ ਦਰ ਲਈ ਲੰਮੇ ਸਮੇਂ ਲਈ ਯੋਗ ਬਣੇ ਰਹਿਣਗੇ – ਟੈਕਸਯੋਗ ਕੈਪੀਟਲ ਦੀ ਸੀਮਾ ਵਧਾ ਕੇ $50 ਮਿਲੀਅਨ ਕੀਤੀ ਗਈ ਹੈ।
ਨਵੇਂ ਕਰਮਚਾਰੀਆਂ ਨੂੰ ਸਿਖਲਾਈ ਦੇਣ ਜਾਂ ਮੌਜੂਦਾ ਕਰਮਚਾਰੀਆਂ ਨੂੰ ਵਧੇਰੇ ਹੁਨਰ ਸਿਖਾਉਣ ਲਈ $300,000 ਤੱਕ ਪ੍ਰਾਪਤ ਕਰੋ। ਔਨਲਾਈਨ ਅਪਲਾਈ ਕਰੋ।
ਰੈਸਟੋਰੈਂਟ, ਪੱਬ ਅਤੇ ਹੋਟਲ ਹੁਣ ਰੀਟੇਲ ਕੀਮਤਾਂ ਦੀ ਬਜਾਏ ਹੋਲਸੇਲ ਕੀਮਤਾਂ ‘ਤੇ ਬੀਅਰ, ਵਾਈਨ ਅਤੇ ਸਪਿਰਿਟ (ਸ਼ਰਾਬ) ਖ਼ਰੀਦ ਸਕਦੇ ਹਨ।
ਰੈਸਟੋਰੈਂਟਾਂ ਅਤੇ ਡਰਾਈਵਰਾਂ ਨੂੰ ਫ਼ੂਡ ਡਿਲਿਵਰੀ ਕੰਪਨੀਆਂ ਦੁਆਰਾ ਵਸੂਲੀਆਂ ਜਾਣ ਵਾਲੀਆਂ ਅਣਉਚਿਤ ਫ਼ੀਸਾਂ ਤੋਂ ਸੁਰੱਖਿਅਤ ਕੀਤਾ ਜਾ ਰਿਹਾ ਹੈ।
ਇੰਪਲੌਇਰ ਹੈਲਥ ਟੈਕਸ ਤੋਂ ਛੋਟ
ਇਹ ਕਿਵੇਂ ਕੰਮ ਕਰਦਾ ਹੈ
- ਛੋਟੇ ਪੈਮਾਨੇ ਦੇ ਅਤੇ ਵੱਧ ਰਹੇ ਕਾਰੋਬਾਰਾਂ ਨੂੰ ਮਹਿੰਗਾਈ ਅਤੇ ਲੇਬਰ ਦੀ ਘਾਟ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਮਦਦ ਮਿਲ ਰਹੀ ਹੈ – ਇੰਪਲੌਇਰ ਹੈਲਥ ਟੈਕਸ ਛੋਟ ਦੀ ਸੀਮਾ ਨੂੰ $500,000 ਤੋਂ ਦੁੱਗਣਾ ਕਰਕੇ $1 ਮਿਲੀਅਨ ਕਰ ਦਿੱਤਾ ਗਿਆ ਹੈ
- 90% ਤੋਂ ਵੱਧ ਕਾਰੋਬਾਰਾਂ ਨੂੰ ਹੁਣ ਟੈਕਸ ਅਦਾ ਕਰਨ ਤੋਂ ਛੋਟ ਦਿੱਤੀ ਗਈ ਹੈ, ਅਤੇ ਹਜ਼ਾਰਾਂ ਹੋਰ ਕਾਰੋਬਾਰਾਂ ਨੂੰ ਬੱਚਤ ਦੇਖਣ ਨੂੰ ਮਿਲ ਰਹੀ ਹੈ
ਤੁਹਾਨੂੰ ਕੀ ਕਰਨ ਦੀ ਲੋੜ ਹੈ
ਇੰਪਲੌਇਰ ਹੈਲਥ ਟੈਕਸ ਛੋਟ ਬਾਰੇ ਵਧੇਰੇ ਜਾਣੋ
ਛੋਟੇ ਪੈਮਾਨੇ ਦੇ ਕਾਰੋਬਾਰਾਂ ਦੀ ਟੈਕਸ ਦਰ ਦਾ ਵਿਸਤਾਰ ਵਧੇਰੇ ਕਾਰੋਬਾਰਾਂ ਤੱਕ ਕੀਤਾ ਗਿਆ ਹੈ
ਇਹ ਕਿਵੇਂ ਕੰਮ ਕਰਦਾ ਹੈ
- ਬੀ.ਸੀ. ਦੇ ਛੋਟੇ ਪੈਮਾਨੇ ਦੇ ਕਾਰੋਬਾਰਾਂ ਦੀ ਟੈਕਸ ਦਰ ਨੂੰ 2017 ਵਿੱਚ 2.5% ਤੋਂ ਘਟਾ ਕੇ 2% ਕਰ ਦਿੱਤਾ ਗਿਆ ਸੀ
- ਵੱਧ ਰਹੇ ਛੋਟੇ ਪੈਮਾਨੇ ਦੇ ਕਾਰੋਬਾਰ ਬੀ.ਸੀ. ਦੇ ਛੋਟੇ ਪੈਮਾਨੇ ਦੇ ਕਾਰੋਬਾਰਾਂ ਦੀ ਟੈਕਸ ਦਰ ਲਈ ਲੰਮੇ ਸਮੇਂ ਤੱਕ ਯੋਗ ਰਹਿਣਗੇ
- 2% ਟੈਕਸ ਦਰ ਤੱਕ ਪਹੁੰਚ:
- $500,000 ਤੱਕ ਦੀ ਸਰਗਰਮ ਕਾਰੋਬਾਰੀ ਆਮਦਨ ਵਾਲੀਆਂ ਯੋਗ ਕੌਰਪੋਰੇਸ਼ਨਾਂ ‘ਤੇ ਲਾਗੂ ਹੁੰਦਾ ਹੈ
- ਹੌਲੀ-ਹੌਲੀ ਘਟਾਇਆ ਜਾਂਦਾ ਹੈ ਜਦੋਂ ਕਾਰੋਬਾਰਾਂ ਕੋਲ ਟੈਕਸਯੋਗ ਕੈਪੀਟਲ ਵਿੱਚ $10 ਮਿਲੀਅਨ ਅਤੇ $50 ਮਿਲੀਅਨ ਵਿਚਕਾਰ ਹੁੰਦਾ ਹੈ – ਪਹਿਲਾਂ ਇਸ ਨੂੰ $15 ਮਿਲੀਅਨ ‘ਤੇ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਸੀ
- ਇਹ ਤਬਦੀਲੀ ਕਈ ਸਾਰੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਂਦੀ ਹੈ, ਪਰ ਵੱਡੇ ਪੱਧਰ ‘ਤੇ ਉਨ੍ਹਾਂ ਨੂੰ ਸਹਿਯੋਗ ਦਿੰਦੀ ਹੈ ਜਿਨ੍ਹਾਂ ਵਿੱਚ ਕੈਪੀਟਲ ਨਿਵੇਸ਼ ਬਹੁਤ ਜ਼ਿਆਦਾ ਹੁੰਦਾ ਹੈ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਜਦੋਂ ਤੁਸੀਂ ਆਪਣੇ ਕਾਰੋਬਾਰ ਦੇ ਟੈਕਸ ਫ਼ਾਈਲ ਕਰਦੇ ਹੋ, ਉਦੋਂ ਆਪਣੀ ਰਕਮ ਕਲੇਮ ਕਰੋ
ਛੋਟੇ ਪੈਮਾਨੇ ਦੇ ਕਾਰੋਬਾਰਾਂ ਦੀ ਟੈਕਸ ਦਰ ਬਾਰੇ ਨਿਊਜ਼ ਰਿਲੀਜ਼ ਪੜ੍ਹੋ
ਟੈਕਸ ਦਰਾਂ ਬਾਰੇ ਵਧੇਰੇ ਜਾਣੋ
ਬੀ.ਸੀ. ਇੰਪਲੌਇਰ ਟ੍ਰੇਨਿੰਗ ਗ੍ਰਾਂਟ
ਇਹ ਕਿਵੇਂ ਕੰਮ ਕਰਦਾ ਹੈ
- ਛੋਟੇ, ਦਰਮਿਆਨੇ ਅਤੇ ਵੱਡੇ ਪੱਧਰ ਦੇ ਯੋਗ ਕਾਰੋਬਾਰ ਨਵੇਂ ਕਰਮਚਾਰੀਆਂ ਨੂੰ ਸਿਖਲਾਈ ਦੇਣ ਜਾਂ ਮੌਜੂਦਾ ਕਰਮਚਾਰੀਆਂ ਨੂੰ ਵਧੇਰੇ ਹੁਨਰ ਸਿਖਾਉਣ ਵਿੱਚ ਮਦਦ ਕਰਨ ਲਈ ਫੰਡ ਸਹਾਇਤਾ ਲੈ ਸਕਦੇ ਹਨ
- ਫੰਡਿੰਗ ਸਿਖਲਾਈ ਲਾਗਤਾਂ ਦੇ 80% ਹਿੱਸੇ ਦਾ ਭੁਗਤਾਨ ਕਰਦੀ ਹੈ, ਪ੍ਰਤੀ ਕਰਮਚਾਰੀ $10,000 ਤੱਕ
- ਪ੍ਰਤੀ ਸਾਲ ਵੱਧ ਤੋਂ ਵੱਧ $300,000 ਤੱਕ, ਜਿੰਨੀ ਵਾਰ ਲੋੜ ਹੋਵੇ ਅਰਜ਼ੀ ਦਿਓ
ਤੁਹਾਨੂੰ ਕੀ ਕਰਨ ਦੀ ਲੋੜ ਹੈ
ਸਿਖਲਾਈ ਸ਼ੁਰੂ ਹੋਣ ਤੋਂ ਬਾਅਦ ਮੁਆਵਜ਼ੇ ਵਾਸਤੇ ਆਪਣਾ ਕਲੇਮ ਜਮ੍ਹਾਂ ਕਰੋ
ਇੰਪਲੌਇਰ ਟ੍ਰੇਨਿੰਗ ਗ੍ਰਾਂਟ ਬਾਰੇ ਵਧੇਰੇ ਜਾਣੋ
ਰੈਸਟੋਰੈਂਟਾਂ, ਪੱਬਾਂ ਅਤੇ ਹੋਟਲਾਂ ਵਿੱਚ ਸ਼ਰਾਬ ਦੀਆਂ ਹੋਲਸੇਲ ਕੀਮਤਾਂ
ਰੈਸਟੋਰੈਂਟਾਂ ਨੂੰ ਅਣਉਚਿਤ ਡਿਲਿਵਰੀ ਫ਼ੀਸਾਂ ਤੋਂ ਬਚਾਉਣਾ
ਇਹ ਕਿਵੇਂ ਕੰਮ ਕਰਦਾ ਹੈ
- ਰੈਸਟੋਰੈਂਟ ਹੁਣ ਐਪ-ਅਧਾਰਤ ਫ਼ੂਡ ਡਿਲੀਵਰੀ ਕੰਪਨੀਆਂ ਦੁਆਰਾ ਵਸੂਲੀਆਂ ਜਾਂਦੀਆਂ ਅਣਉਚਿਤ ਫ਼ੀਸਾਂ ਤੋਂ ਸਥਾਈ ਤੌਰ ‘ਤੇ ਸੁਰੱਖਿਅਤ ਹਨ
- ਰੈਸਟੋਰੈਂਟਾਂ ਤੋਂ ਵਸੂਲੀ ਜਾਣ ਵਾਲੀ ਫ਼ੀਸ ਹੁਣ ਔਰਡਰ ਦੇ ਮੁੱਲ ਦੇ 20% ਤੱਕ ਸੀਮਤ ਹੈ
- ਡਿਲੀਵਰੀ ਕੰਪਨੀਆਂ ਰੈਸਟੋਰੈਂਟਾਂ ਨੂੰ ਆਪਣੀ ਮਰਜ਼ੀ ਅਨੁਸਾਰ ਚੋਣ ਕਰਨ ਲਈ ਵਿਕਲਪਕ, ਵਿਸਤਾਰ ਕੀਤੀਆਂ ਸੇਵਾਵਾਂ ਦੀ ਪੇਸ਼ਕਸ਼ ਕਰ ਸਕਦੀਆਂ ਹਨ
- ਡਰਾਈਵਰ ਵੀ ਸੁਰੱਖਿਅਤ ਹਨ
- ਡਿਲੀਵਰੀ ਕੰਪਨੀਆਂ ਲਾਗਤਾਂ ਦਾ ਭੁਗਤਾਨ ਡਰਾਈਵਰਾਂ ਤੋਂ ਨਹੀਂ ਕਰਵਾ ਸਕਦੀਆਂ, ਜਿਸ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਡਰਾਈਵਰਾਂ ਨੂੰ ਉਨ੍ਹਾਂ ਦਾ ਭੁਗਤਾਨ ਅਤੇ ਗ੍ਰੈਚਿਊਟੀ ਮਿਲੇ
- ‘ਮਿਨੀਮਮ ਵੇਜ’ (ਪ੍ਰਤੀ ਘੰਟਾ ਘੱਟ ਤੋਂ ਘੱਟ ਭੁਗਤਾਨ) ਨੂੰ ਨਿਯਮਤ ਕਰਨ, ਖ਼ਰਚਿਆਂ ਦਾ ਭੁਗਤਾਨ ਕਰਨ ਅਤੇ ਕਾਮਿਆਂ ਨੂੰ ਮੁਆਵਜ਼ਾ ਕਵਰੇਜ (worker’s compensation coverage) ਪ੍ਰਦਾਨ ਕਰਨ ਲਈ ਨਵੇਂ ਰੁਜ਼ਗਾਰ ਮਾਪਦੰਡ 3 ਸਤੰਬਰ, 2024 ਤੋਂ ਲਾਗੂ ਹੋਣਗੇ
ਤੁਹਾਨੂੰ ਕੀ ਕਰਨ ਦੀ ਲੋੜ ਹੈ
‘ਫ਼ੂਡ ਡਿਲੀਵਰੀ ਸਰਵਿਸ ਫ਼ੀ ਐਕਟ’ (Food Delivery Service Fee Act) ਬਾਰੇ ਵਧੇਰੇ ਜਾਣੋ
ਗਿੱਗ ਵਰਕਰਾਂ ਲਈ ਵਾਜਬ ਤਨਖਾਹ ਅਤੇ ਮੁੱਢਲੀਆਂ ਸੁਰੱਖਿਆਵਾਂ ਬਾਰੇ ਵਧੇਰੇ ਜਾਣੋ

ਬਿਜਲੀ ਦੇ ਖ਼ਰਚਿਆਂ ਵਿੱਚ ਮਦਦ
ਪਰਿਵਾਰ ਘਰਾਂ ਨੂੰ ਵਧੇਰੇ ਊਰਜਾ ਕੁਸ਼ਲ ਬਣਾਉਣ ਲਈ ਹਾਇਡਰੋ ਦੇ ਘੱਟ ਰੇਟਾਂ ਅਤੇ ਰਿਬੇਟਾਂ ਨਾਲ ਊਰਜਾ ਦੇ ਬਿੱਲਾਂ ਨੂੰ ਘੱਟ ਰੱਖ ਸਕਦੇ ਹਨ।
ਬੀ ਸੀ ਹਾਇਡਰੋ (BC Hydro) ਦੇ ਗਾਹਕ ਉੱਤਰੀ ਅਮਰੀਕਾ ਵਿੱਚ ਸਭ ਤੋਂ ਘੱਟ ਊਰਜਾ ਦਰਾਂ ਦਾ ਭੁਗਤਾਨ ਕਰਦੇ ਆ ਰਹੇ ਹਨ।
ਆਮਦਨ ਦੇ ਅਧਾਰ ‘ਤੇ ਯੋਗ ਅਰਜ਼ੀਆਂ ਦੇਣ ਵਾਲੇ ਲੋਕ ਫ਼ੌਸਿਲ ਫ਼ਿਊਲ ਵਾਲੀ ਹੀਟਿੰਗ ਨੂੰ ਬਦਲ ਕੇ ਹੀਟ-ਪੰਪਾਂ ਵਿੱਚ ਤਬਦੀਲ ਕਰਨ ਦੇ ਖ਼ਰਚਿਆਂ ਦਾ ਭੁਗਤਾਨ ਕਰਨ ਲਈ $24,500 ਤੱਕ ਪ੍ਰਾਪਤ ਕਰ ਸਕਦੇ ਹਨ।
ਯੋਗ ਪਰਿਵਾਰ ਅਤਿਅੰਤ ਗਰਮੀ ਦੇ ਸਮਿਆਂ ਵਿੱਚ ਆਪਣੇ ਆਪ ਨੂੰ ਠੰਡਕ ਪਹੁੰਚਾਉਣ ਲਈ ਮੁਫ਼ਤ ਪੋਰਟੇਬਲ ਏਅਰ ਕੰਡੀਸ਼ਨਰ ਯੂਨਿਟ ਲੈਣ ਲਈ ਅਰਜ਼ੀ ਦੇ ਸਕਦੇ ਹਨ। ਇਸ ਲਈ ਤੁਸੀਂ ਔਨਲਾਈਨ ਅਰਜ਼ੀ ਦੇ ਸਕਦੇ ਹੋ।
ਘਰਾਂ ਨੂੰ ਊਰਜਾ ਪੱਖੋਂ ਵਧੇਰੇ ਕੁਸ਼ਲ (energy efficient) ਬਣਾਉਣ ਲਈ ਯੋਗ ਰੈਨੋਵੇਸ਼ਨਾਂ ਦੀ ਲਾਗਤ ਵਸੂਲ ਕੀਤੀ ਜਾ ਸਕਦੀ ਹੈ ਅਤੇ ਇੱਕ ਪਰਿਵਾਰ ਨੂੰ $14,000 ਤੱਕ ਦੀ ਰਿਬੇਟ ਮਿਲ ਸਕਦੀ ਹੈ। ਇਸ ਲਈ ਤੁਸੀਂ ਔਨਲਾਈਨ ਅਰਜ਼ੀ ਦੇ ਸਕਦੇ ਹੋ।
ਬੀ ਸੀ ਹਾਇਡਰੋ ਦੇ ਰੇਟਾਂ ਨੂੰ ਘੱਟ ਰੱਖਣਾ
ਇਹ ਕਿਸ ਤਰ੍ਹਾਂ ਕੰਮ ਕਰਦਾ ਹੈ
- ਬੀ ਸੀ ਹਾਇਡਰੋ ਦੇ ਗਾਹਕ ਨੌਰਥ ਅਮਰੀਕਾ ਵਿੱਚ ਸਭ ਤੋਂ ਘੱਟ ਬਿਜਲੀ ਦੇ ਬਿੱਲ ਭਰਨ ਵਾਲਿਆਂ ਵਿੱਚੋਂ ਹਨ ਅਤੇ ਐਲਬਰਟਾ ਵਾਸੀਆਂ ਦੇ ਭੁਗਤਾਨਾਂ ਨਾਲੋਂ ਲਗਭਗ ਅੱਧਾ ਭੁਗਤਾਨ ਕਰਦੇ ਹਨ
- ਅਗਲੇ ਦੋ ਸਾਲਾਂ ਲਈ ਦਰਾਂ ਵਿੱਚ 3.75% ਦਾ ਵਾਧਾ ਨਿਰਧਾਰਤ ਕੀਤਾ ਗਿਆ ਹੈ – ਇਸਦਾ ਮਤਲਬ $100 ਦੇ ਬਿੱਲ 'ਤੇ ਪ੍ਰਤੀ ਮਹੀਨਾ $3.75 ਦਾ ਵਾਧਾ ਹੈ
- ਰੇਟਾਂ ਨੂੰ ਲਗਾਤਾਰ 7 ਸਾਲਾਂ ਲਈ ਮਹਿੰਗਾਈ ਦੀ ਦਰ ਤੋਂ ਘੱਟ ਰੱਖਿਆ ਗਿਆ ਹੈ (2017-18 ਤੋਂ ਲੈ ਕੇ ਮਹਿੰਗਾਈ ਦੀ ਦਰ ਨਾਲੋਂ 12.4% ਘੱਟ)
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਕਿਸੇ ਕਾਰਵਾਈ ਦੀ ਲੋੜ ਨਹੀਂ ਹੈ
ਹੋਰ ਜਾਣੋ
ਲੋਕਾਂ ਦੇ ਬਿਜਲੀ ਦੇ ਬਿੱਲਾਂ ‘ਤੇ ਬੱਚਤ ਕਰਵਾਉਣੀ
ਸਾਲ 2025 ਦੇ ਮੱਧ ਵਿੱਚ ਤਿਆਰ ਰਹੋ! ਕਿਉਂਕਿ ਬਹੁ-ਯੂਨਿਟ ਇਮਾਰਤਾਂ ਵਿੱਚ ਯੋਗ ਕਿਰਾਏਦਾਰ ਵਿਅਕਤੀਗਤ ਸੁਈਟਾਂ ਵਿੱਚ ਡੱਕਟਲੈਸ ਮਿੰਨੀ-ਸਪਲਿਟ ਹੀਟ ਪੰਪ (ductless mini-split heat pump) ਲਈ ਛੋਟਾਂ ਲਈ ਅਰਜ਼ੀ ਦੇਣ ਦੇ ਸਮਰੱਥ ਹੋਣਗੇ। ਹੋਰ ਜਾਣੋ।
ਇਹ ਕਿਵੇਂ ਕੰਮ ਕਰਦਾ ਹੈ
- ਯੋਗ ਘਰਾਂ ਵਿੱਚ ਰਹਿਣ ਵਾਲੇ ਆਮਦਨ ਦੇ ਅਧਾਰ ‘ਤੇ ਯੋਗਤਾ ਪ੍ਰਾਪਤ ਬਿਨੈਕਾਰ, ਜਿਨ੍ਹਾਂ ਦੇ ਘਰਾਂ ਨੂੰ ਮੌਜੂਦਾ ਸਮੇਂ ਵਿੱਚ ਨਿੱਘਾ ਕਰਨ ਲਈ ਤੇਲ, ਨੈਚੁਰਲ ਗੈਸ, ਪ੍ਰੋਪੇਨ, ਬਿਜਲੀ ਜਾਂ ਲੱਕੜ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਉੱਚ-ਕੁਸ਼ਲਤਾ ਵਾਲੇ ਹੀਟ ਪੰਪ ਵਿੱਚ ਤਬਦੀਲ ਹੋਣ ‘ਤੇ 100% ਤੱਕ ਦੀ ਛੋਟ ਲੈ ਸਕਦੇ ਹਨ
- ਰਿਬੇਟਾਂ ਲਈ ਅਰਜ਼ੀਆਂ ਸ਼ੁਰੂ ਵਿੱਚ ਹੀ ਦਿੱਤੀਆਂ ਜਾ ਸਕਦੀਆਂ ਹਨ, ਜਿਸ ਨਾਲ ਤੁਹਾਨੂੰ ਆਪਣੀ ਜੇਬ ਵਿੱਚੋਂ ਪੂਰੀ ਰਕਮ ਦਾ ਭੁਗਤਾਨ ਕਰਨ ਦੀ ਲੋੜ ਨਹੀਂ
ਤੁਹਾਨੂੰ ਕੀ ਕਰਨ ਦੀ ਲੋੜ ਹੈ
ਕਲੀਨ ਬੀ ਸੀ (CleanBC) ਹੀਟ ਪੰਪ ਪ੍ਰੋਗਰਾਮ ਬਾਰੇ ਹੋਰ ਜਾਣੋ
ਇਹ ਕਿਵੇਂ ਕੰਮ ਕਰਦਾ ਹੈ
- ਯੋਗ ਪਰਿਵਾਰ ਅਤਿਅੰਤ ਗਰਮੀ ਦੇ ਸਮਿਆਂ ਵਿੱਚ ਆਪਣੇ ਆਪ ਨੂੰ ਠੰਡਕ ਪਹੁੰਚਾਉਣ ਲਈ ਇੱਕ ਮੁਫ਼ਤ ਪੋਰਟੇਬਲ ਏਅਰ ਕੰਡੀਸ਼ਨਰ ਯੂਨਿਟ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਹਨ
ਇਸ ਲਈ ਕੋਣ ਯੋਗ ਹੋ ਸਕਦੇ ਹਨ
- ਘਰਾਂ ਦੇ ਮਾਲਕ ਜਾਂ ਕਿਰਾਏ 'ਤੇ ਰਹਿਣ ਵਾਲੇ ਲੋਕ। ਕਿਰਾਏਦਾਰਾਂ ਨੂੰ ਮਕਾਨ ਮਾਲਕ ਦੀ ਸਹਿਮਤੀ ਲੈਣੀ ਲਾਜ਼ਮੀ ਹੈ
- ਗਰਮੀ ਦੇ ਸਮਿਆਂ ਵਿੱਚ ਜਿਹੜੇ ਲੋਕ ਡਾਕਟਰੀ ਤੌਰ 'ਤੇ ਕਮਜ਼ੋਰ ਹਨ ਅਤੇ ਬੀ ਸੀ ਹੈਲਥ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ (ਉਦਾਹਰਨ ਲਈ, ਬਜ਼ੁਰਗ ਜਾਂ ਲੰਬੇ ਸਮੇਂ ਦੀਆਂ ਬਿਮਾਰੀਆਂ ਤੋਂ ਪੀੜਤ ਲੋਕ)
- ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੇ ਅਧਾਰ 'ਤੇ ਟੈਕਸ ਤੋਂ ਪਹਿਲਾਂ ਦੀ ਆਮਦਨ ਦੀ ਸੀਮਾ ਨੂੰ ਪੂਰਾ ਕਰਦੇ ਹਨ:
- 1 ਵਿਅਕਤੀ ਲਈ: $39,700
- 2 ਲੋਕਾਂ ਲਈ: $49,500
- 3 ਲੋਕਾਂ ਲਈ: $60,800
- 4 ਲੋਕਾਂ ਲਈ: $73,800
- 5 ਲੋਕਾਂ ਲਈ: $83,700
- 6 ਲੋਕਾਂ ਲਈ: $94,400
- 7 ਜਾਂ ਵਧੇਰੇ ਲੋਕਾਂ ਲਈ: $105,100
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਬੀ ਸੀ ਹਾਇਡਰੋ (BC Hydro) ਜਾਂ ਫੋਰਟਿਸ ਬੀ ਸੀ (FortisBC) ਰਾਹੀਂ ਔਨਲਾਈਨ ਅਰਜ਼ੀ ਦਿਓ
- ਮਦਦ ਵਾਸਤੇ ਜਾਂ ਜੇ ਤੁਹਾਡਾ ਕੋਈ ਖਾਤਾ ਨਹੀਂ ਹੈ ਤਾਂ 1-800-224-9376 'ਤੇ ਕੌਲ ਕਰੋ
- ਕੁਝ ਲੋਕਾਂ ਨੂੰ ਉਨ੍ਹਾਂ ਦੀ ਰੀਜਨਲ ਹੈਲਥ ਅਥੌਰਿਟੀ ਜਾਂ ਹੋਮ ਕੇਅਰ ਪ੍ਰੋਗਰਾਮ ਵੱਲੋਂ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਵਿੱਚ ਭੇਜਿਆ ਜਾ ਸਕਦਾ ਹੈ
ਬੀ ਸੀ ਹਾਇਡਰੋ ਰਾਹੀਂ ਔਨਲਾਈਨ ਅਰਜ਼ੀ ਦਿਓ
ਫੋਰਟਿਸ ਬੀ ਸੀ ਰਾਹੀਂ ਔਨਲਾਈਨ ਅਰਜ਼ੀ ਦਿਓ (ਨੈਲਸਨ ਅਤੇ ਪੈਨਟਿਕਟਨ ਦੇ ਖੇਤਰਾਂ ਵਿੱਚ)
ਘਰਾਂ ਦੀ ਰੈਨੋਵੇਸ਼ਨ ਲਈ ਰਿਬੇਟਾਂ
ਇਹ ਕਿਵੇਂ ਕੰਮ ਕਰਦਾ ਹੈ
- ਪਰਿਵਾਰਾਂ ਨੂੰ ਬਿਜਲੀ ਦੀ ਵਧੇਰੇ ਬੱਚਤ ਕਰਨ ਵਾਲਾ (energy efficient) ਬਣਾਉਣ ਲਈ ਕੀਤੀਆਂ ਜਾਣ ਵਾਲੀਆਂ ਰੈਨੋਵੇਸ਼ਨਾਂ ਦੀ ਲਾਗਤ ਨੂੰ ਵਸੂਲ ਕਰਨ ਦੇ ਯੋਗ ਪਰਿਵਾਰ $14,000 ਤੱਕ ਦੀ ਰਿਬੇਟ ਪ੍ਰਾਪਤ ਕਰ ਸਕਦੇ ਹਨ:
- ਇਨਸੂਲੇਸ਼ਨ ਲਈ $5,500
- ਖਿੜਕੀਆਂ ਅਤੇ ਦਰਵਾਜ਼ਿਆਂ ਲਈ $2,000
- ਹੀਟ ਪੰਪ ਵਾਟਰ ਹੀਟਰਾਂ ਲਈ $1,000
- ਹੀਟ ਪੰਪਾਂ ਅਤੇ ਇਲੈਕਟ੍ਰੀਕਲ ਅਪਗ੍ਰੇਡਾਂ ਲਈ $3,500 (ਕੁਝ ਲੋਕ ਵਧੇਰੇ ਲਈ ਵੀ ਯੋਗ ਹੋ ਸਕਦੇ ਹਨ)
- ਇੱਕ ਤੋਂ ਜ਼ਿਆਦਾ ਅਪਗ੍ਰੇਡਾਂ ਨੂੰ ਪੂਰਾ ਕਰਨ ਲਈ $2,000 ਬੋਨਸ
- ਬੀ ਸੀ ਹਾਇਡਰੋ, ਫੋਰਟਿਸ ਬੀ ਸੀ, ਜਾਂ ਕਿਸੇ ਮਿਊਂਨਿਸਿਪਲ ਯੁਟਿਲਿਟੀ ਪ੍ਰਦਾਤਾ ਦੇ ਨਾਲ ਰੈਜ਼ੀਡੈਂਸ਼ੀਅਲ ਯੁਟਿਲਿਟੀ ਖਾਤਾ ਹੋਣਾ ਜ਼ਰੂਰੀ ਹੈ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਯੋਗ ਉਤਪਾਦਾਂ ਅਤੇ ਸ਼ਰਤਾਂ ਦੀ ਸੂਚੀ ਨੂੰ ਪੜ੍ਹੋ ਅਤੇ ਜਾਣੋ
- ਜੇ ਲੋੜ ਪਵੇ ਤਾਂ ਕਿਸੇ ਯੋਗਤਾ ਪ੍ਰਾਪਤ ਕੰਨਟ੍ਰੈਕਟਰ ਦੁਆਰਾ ਅਪਗ੍ਰੇਡ ਅਤੇ ਇੰਸਟਾਲ ਕਰਵਾਉਣ ਲਈ ਭੁਗਤਾਨ ਕਰੋ
- ਇਨਵੌਇਸ (invoice) ਦੀ ਮਿਤੀ ਦੇ 6 ਮਹੀਨਿਆਂ ਦੇ ਅੰਦਰ ਰਿਬੇਟ ਲਈ ਔਨਲਾਈਨ ਅਰਜ਼ੀ ਦਿਓ
ਕਲੀਨ ਬੀ ਸੀ ਹੋਮ ਰੈਨੋਵੇਸ਼ਨ ਰਿਬੇਟ (CleanBC home renovation rebate) ਬਾਰੇ ਹੋਰ ਜਾਣੋ

ਆਵਾਜਾਈ ਵਿੱਚ ਬੱਚਤ
3.6 ਮਿਲੀਅਨ ਡਰਾਈਵਰਾਂ ਨੂੰ $110 ਦੀ ICBC ਰਿਬੇਟ ਮਿਲ ਰਹੀ ਹੈ ਅਤੇ ਉਨ੍ਹਾਂ ਨੂੰ 6 ਸਾਲਾਂ ਤੋਂ ‘ਫ਼੍ਰੋਜ਼ਨ ਬੇਸਿਕ ਰੇਟ’ (ਪਹਿਲਾਂ ਤੋਂ ਨਿਰਧਾਰਤ ਮੁੱਢਲੀਆਂ ਦਰਾਂ ਜਿਨ੍ਹਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ) ਤੋਂ ਲਾਭ ਮਿਲ ਰਿਹਾ ਹੈ।
ਯੋਗ ਡਰਾਈਵਰਾਂ ਨੂੰ 2025 ਵਿੱਚ ਔਟੋਮੈਟਿਕ ਢੰਗ ਨਾਲ $110 ਦੀ ਰਿਬੇਟ ਮਿਲੇਗੀ ਅਤੇ ਮੁੱਢਲੀਆਂ ਦਰਾਂ ਮਾਰਚ 2026 ਤੱਕ ਨਿਰਧਾਰਤ ਰਹਿਣਗੀਆਂ – ਜਿਸ ਨਾਲ ਦਰਾਂ ਵਿੱਚ ਕੋਈ ਵੀ ਵਾਧਾ ਕੀਤੇ ਨੂੰ ਕੁੱਲ 6 ਸਾਲ ਹੋ ਜਾਣਗੇ।
ਡਰਾਈਵਰ ਹੁਣ ਪੋਰਟ ਮੈਨ ਅਤੇ ਗੋਲਡਨ ਈਅਰਜ਼ ਬ੍ਰਿਜ ‘ਤੇ ਟੋਲ ਅਦਾ ਨਹੀਂ ਕਰਦੇ, ਜਿਸ ਨਾਲ ਯਾਤਰੀਆਂ ਨੂੰ $1,500/ ਸਾਲ ਅਤੇ ਕਮਰਸ਼ੀਅਲ ਡਰਾਈਵਰਾਂ ਨੂੰ $4,500/ਸਾਲ ਤੱਕ ਦੀ ਬੱਚਤ ਹੁੰਦੀ ਹੈ।
ਜਿਹੜੇ ਲੋਕ ਕੰਮ ‘ਤੇ ਜਾਣ, ਰੋਜ਼ਾਨਾ ਦੇ ਛੋਟੇ-ਮੋਟੇ ਕੰਮ ਨਿਪਟਾਉਣ ਜਾਂ ਆਪਣੇ ਅਜ਼ੀਜ਼ਾਂ ਨੂੰ ਮਿਲਣ ਲਈ ਬੀ ਸੀ ਫ਼ੈਰੀਜ਼ (BC Ferries) ‘ਤੇ ਨਿਰਭਰ ਕਰਦੇ ਹਨ, ਉਨ੍ਹਾਂ ਲਈ ਕਿਰਾਏ ਨੂੰ ਕਿਫ਼ਾਇਤੀ ਰੱਖਣ ਲਈ ਉਸ ਨੂੰ ਬਹੁਤ ਜ਼ਿਆਦਾ ਵਾਧੇ ਤੋਂ ਸੁਰੱਖਿਅਤ ਰੱਖਿਆ ਗਿਆ ਹੈ।
ਯੋਗ ਆਮਦਨੀ ਵਾਲੇ ਲੋਕ ਇਲੈਕਟ੍ਰਿਕ ਵਾਹਨ ਖ਼ਰੀਦਣ ਲਈ $4,000 ਤੱਕ ਦੀ ਰਿਬੇਟ ਪ੍ਰਾਪਤ ਕਰ ਸਕਦੇ ਹਨ। ਖ਼ਰੀਦਣ ਤੋਂ ਪਹਿਲਾਂ ਅਰਜ਼ੀ ਦਿਓ।
ਘਰ ਅਤੇ ਕੰਮ ਦੀਆਂ ਥਾਂਵਾਂ ‘ਤੇ EV ਚਾਰਜਰ ਲਗਾਉਣ ‘ਤੇ ਪੈਸੇ ਬਚਾਓ। ਔਨਲਾਈਨ ਅਰਜ਼ੀ ਦਿਓ।
12 ਸਾਲ ਤੋਂ ਘੱਟ ਉਮਰ ਦੇ ਬੱਚੇ ਮੁਫ਼ਤ ਵਿੱਚ ਟ੍ਰਾਂਜ਼ਿਟ ‘ਤੇ ਸਵਾਰੀ ਕਰ ਸਕਦੇ ਹਨ। ਯੋਗ ਵਿਦਿਆਰਥੀ, 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ ਅਪੰਗਤਾਵਾਂ ਵਾਲੇ ਲੋਕ ਘਟਾਈ ਗਈ ਕੀਮਤ ‘ਤੇ ਬੱਸ ਪਾਸ ਲੈ ਸਕਦੇ ਹਨ।
ICBC ਰਿਬੇਟ ਅਤੇ ਨਿਰਧਾਰਤ ਰੇਟ
ਇਹ ਕਿਵੇਂ ਕੰਮ ਕਰਦਾ ਹੈ
- ਇਨਸ਼ੋਰੈਂਸ ਨੂੰ ਕਿਫ਼ਾਇਤੀ ਰੱਖਣ ਲਈ, ਜ਼ਿਆਦਾਤਰ ICBC ਗਾਹਕ ਜਿਨ੍ਹਾਂ ਕੋਲ ਜਨਵਰੀ 2025 ਵਿੱਚ ਇੱਕ ਐਕਟਿਵ (ਲਾਗੂ) ਮੁੱਢਲੀ ਇਨਸ਼ੋਰੈਂਸ ਪੌਲਿਸੀ ਸੀ, ਨੂੰ ਮਾਰਚ ਦੇ ਅੱਧ ਤੋਂ ਲੈ ਕੇ ਮਈ ਤੱਕ ਔਟੋਮੈਟਿਕ ਢੰਗ ਨਾਲ $110 ਦੀ ਰਿਬੇਟ ਮਿਲੇਗੀ
- ਮੁੱਢਲੀਆਂ ਦਰਾਂ ਵੀ ਮਾਰਚ 2026 ਤੱਕ ਨਿਰਧਾਰਤ ਰਹਿਣਗੀਆਂ – ਜਿਸ ਨਾਲ ਦਰਾਂ ਵਿੱਚ ਕੋਈ ਵੀ ਵਾਧਾ ਕੀਤੇ ਨੂੰ ਕੁੱਲ 6 ਸਾਲ ਹੋ ਜਾਣਗੇ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਕਿਸੇ ਕਾਰਵਾਈ ਦੀ ਲੋੜ ਨਹੀਂ। ਰਿਬੇਟ ਆਉਣ ਵਾਲੇ ਭੁਗਤਾਨ ‘ਤੇ ਜਾਂ ਡਾਇਰੈਕਟ ਡਿਪੌਜ਼ਿਟ, ਕ੍ਰੈਡਿਟ ਕਾਰਡ ਰਿਫ਼ੰਡ ਜਾਂ ਚੈੱਕ ਦੁਆਰਾ ਲਾਗੂ ਕੀਤੇ ਜਾਣਗੇ, ਜੋ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਨਸ਼ੋਰੈਂਸ ਦਾ ਭੁਗਤਾਨ ਕਿਵੇਂ ਕੀਤਾ ਸੀ
- ਜੇ ਤੁਹਾਡਾ ਪਤਾ ਜਾਂ ਬੈਂਕਿੰਗ ਜਾਣਕਾਰੀ ਬਦਲ ਗਈ ਹੈ ਤਾਂ ਆਪਣੇ ਅਕਾਊਂਟ ਨੂੰ ਅੱਪਡੇਟ ਕਰੋ
2025 ਦੀ ICBC ਰਿਬੇਟ ਬਾਰੇ ਵਧੇਰੇ ਜਾਣੋ
ਬ੍ਰਿਜ ਟੋਲ ਖਤਮ ਕਰ ਦਿੱਤੇ ਗਏ ਹਨ
ਇਹ ਕਿਵੇਂ ਕੰਮ ਕਰਦਾ ਹੈ
- ਪੋਰਟ ਮੈਨ ਅਤੇ ਗੋਲਡਨ ਈਅਰਜ਼ ਬ੍ਰਿਜ ‘ਤੇ ਬ੍ਰਿਜ ਟੋਲ ਸਤੰਬਰ 2017 ਵਿੱਚ ਨਿਰਧਾਰਤ ਸਮੇਂ ਤੋਂ ਕਈ ਸਾਲਾਂ ਪਹਿਲਾਂ ਖਤਮ ਕਰ ਦਿੱਤੇ ਗਏ ਸਨ ਤਾਂ ਜੋ ਡਰਾਈਵਰਾਂ ਦੇ ਪੈਸਿਆਂ ਦੀ ਬੱਚਤ ਕੀਤੀ ਜਾ ਸਕੇ ਅਤੇ ਹੋਰ ਰੂਟਾਂ ‘ਤੇ ਆਵਾਜਾਈ ਦੇ ਸਮੇਂ ਨੂੰ ਘੱਟ ਕੀਤਾ ਜਾ ਸਕੇ
- ਯਾਤਰੀ ਪ੍ਰਤੀ ਸਾਲ $1,500 ਅਤੇ ਕਮਰਸ਼ੀਅਲ ਡਰਾਈਵਰ ਪ੍ਰਤੀ ਸਾਲ $4,500 ਤੱਕ ਦੀ ਬੱਚਤ ਕਰਦੇ ਹਨ
ਤੁਹਾਨੂੰ ਕੀ ਕਰਨ ਦੀ ਲੋੜ ਹੈ
ਬ੍ਰਿਜ ਟੋਲ ਖਤਮ ਹੋਣ ਬਾਰੇ ਨਿਊਜ਼ ਰੀਲਿਜ਼ ਪੜ੍ਹੋ
ਫ਼ੈਰੀ ਦੇ ਕਿਰਾਏ ਨੂੰ ਕਿਫ਼ਾਇਤੀ ਰੱਖਣਾ
ਇਹ ਕਿਵੇਂ ਕੰਮ ਕਰਦਾ ਹੈ
- ਜਿਹੜੇ ਲੋਕ ਕੰਮ ‘ਤੇ ਜਾਣ, ਰੋਜ਼ਾਨਾ ਦੇ ਛੋਟੇ-ਮੋਟੇ ਕੰਮ ਨਿਪਟਾਉਣ ਜਾਂ ਆਪਣੇ ਅਜ਼ੀਜ਼ਾਂ ਨੂੰ ਮਿਲਣ ਲਈ ਬੀ ਸੀ ਫ਼ੈਰੀਜ਼ ‘ਤੇ ਨਿਰਭਰ ਕਰਦੇ ਹਨ, ਉਨ੍ਹਾਂ ਲਈ ਕਿਰਾਏ ਨੂੰ ਕਿਫ਼ਾਇਤੀ ਰੱਖਣ ਲਈ ਉਸ ਨੂੰ ਬਹੁਤ ਜ਼ਿਆਦਾ ਵਾਧੇ ਤੋਂ ਸੁਰੱਖਿਅਤ ਰੱਖਿਆ ਗਿਆ ਹੈ
- ਬਜ਼ੁਰਗ ਪ੍ਰਮੁੱਖ ਰੂਟਾਂ ‘ਤੇ ਸੋਮਵਾਰ ਤੋਂ ਸ਼ੁੱਕਰਵਾਰ ਮੁਫ਼ਤ ‘ਚ ਸਫ਼ਰ ਕਰ ਸਕਦੇ ਹਨ
- ਮਹਿੰਗਾਈ ਦੀ ਵੱਧ ਰਹੀ ਲਾਗਤ ਕਾਰਨ, ਬੀ ਸੀ ਫ਼ੈਰੀਜ਼ ਨੂੰ 2028 ਤੱਕ ਹਰ ਸਾਲ ਕਿਰਾਏ ਵਿੱਚ 9.2% ਤੋਂ ਵੱਧ ਦਾ ਵਾਧਾ ਕਰਨ ਦੀ ਉਮੀਦ ਸੀ
- ਬੀ.ਸੀ. ਸਰਕਾਰ ਨੇ ਕਿਰਾਏ ਵਿੱਚ ਵਾਧੇ ਨੂੰ ਪ੍ਰਤੀ ਸਾਲ 3% ਤੋਂ ਥੱਲੇ ਰੱਖਣ ਵਿੱਚ ਮਦਦ ਕਰਨ ਲਈ ਨਵੀਂ ਫੰਡਿੰਗ ਵਿੱਚ $500 ਮਿਲੀਅਨ ਦਾ ਨਿਵੇਸ਼ ਕੀਤਾ ਹੈ
ਤੁਹਾਨੂੰ ਕੀ ਕਰਨ ਦੀ ਲੋੜ ਹੈ
ਬੀ ਸੀ ਫ਼ੈਰੀਜ਼ ਲਈ ਫੰਡਿੰਗ ਬਾਰੇ ਨਿਊਜ਼ ਰਿਲੀਜ਼ ਪੜ੍ਹੋ
ਇਹ ਕਿਵੇਂ ਕੰਮ ਕਰਦਾ ਹੈ
- ਇਲੈਕਟ੍ਰਿਕ ਵਾਹਨਾਂ ਨੂੰ ਵਧੇਰੇ ਕਿਫ਼ਾਇਤੀ ਬਣਾਉਣ ਵਿੱਚ ਮਦਦ ਕਰਨ ਲਈ, $100,000/ਸਾਲ ਤੋਂ ਘੱਟ ਕਮਾਈ ਕਰਨ ਵਾਲੇ ਲੋਕ ਹੇਠਾਂ ਦਿੱਤੇ ਤੋਂ ਘੱਟ ਮਾਰਕਿਟ ਮੁੱਲ ਵਾਲੀ ਯੋਗ EV ਖ਼ਰੀਦਣ ਵੇਲੇ ਰਿਬੇਟ ਲੈ ਸਕਦੇ ਹਨ:
- ਕਾਰਾਂ ਅਤੇ SUVs ਲਈ $50,000
- ਵੱਡੇ ਵਾਹਨਾਂ (ਵੈਗਨ, ਟਰੱਕਾਂ ਅਤੇ ਵੈਨਾਂ) ਲਈ $70,000
- ਪ੍ਰੋਗਰਾਮ ਦੇ ਜੀਵਨਕਾਲ ਦੌਰਾਨ ਲੋਕ ਸਿਰਫ਼ ਇੱਕ ਰਿਬੇਟ ਪ੍ਰਾਪਤ ਕਰ ਸਕਦੇ ਹਨ। ਜੇ ਤੁਹਾਨੂੰ 2015 ਤੋਂ ਬਾਅਦ ਕਿਸੇ ਵੀ ਸਮੇਂ ਰਿਬੇਟ ਮਿਲੀ ਹੈ, ਤਾਂ ਤੁਸੀਂ ਯੋਗ ਨਹੀਂ ਹੋ
ਤੁਹਾਨੂੰ ਕਿੰਨੀ ਰਿਬੇਟ ਮਿਲਦੀ ਹੈ
ਰਿਬੇਟ ਦੀ ਰਕਮ ਵਿਅਕਤੀਗਤ ਆਮਦਨ ਅਤੇ ਵਾਹਨ ਦੀ ਰੇਂਜ ਨਿਰਧਾਰਤ ਕਰਦੀ ਹੈ:
- $80,000 ਤੋਂ ਘੱਟ ਆਮਦਨ: $2,000 (85 ਕਿਲੋਮੀਟਰ ਰੇਂਜ) ਜਾਂ $4,000 (ਲੌਂਗ-ਰੇਂਜ)
- $80,001 - $90,000: $1,000 (85 ਕਿਲੋਮੀਟਰ ਰੇਂਜ) ਜਾਂ $2,000 (ਲੌਂਗ-ਰੇਂਜ)
- $90,001 - $100,000: $500 (85 ਕਿਲੋਮੀਟਰ ਰੇਂਜ) ਜਾਂ $1,000 (ਲੌਂਗ-ਰੇਂਜ)
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਕਾਰ ਖ਼ਰੀਦਣ ਤੋਂ ਪਹਿਲਾਂ ਪ੍ਰੀ-ਅਪ੍ਰੂਵਲ (ਪਹਿਲਾਂ ਤੋਂ ਮਨਜ਼ੂਰੀ) ਲਈ ਔਨਲਾਈਨ ਅਰਜ਼ੀ ਦਿਓ। ਰਿਬੇਟ ਦੀ ਵਰਤੋਂ ਕਰਨ ਲਈ ਤੁਹਾਡੇ ਕੋਲ ਇੱਕ ਸਾਲ ਹੈ
ਪਤਾ ਕਰੋ ਕਿ ਕੀ ਤੁਸੀਂ ਪੈਸੈਂਜਰ EV ਰਿਬੇਟ ਲਈ ਯੋਗ ਹੋ
EV ਰਿਬੇਟ ਇਹਨਾਂ ਲਈ ਵੀ ਉਪਲਬਧ ਹਨ:
ਘਰਾਂ ਅਤੇ ਕਾਰੋਬਾਰਾਂ ਲਈ EV ਚਾਰਜਰ ਰਿਬੇਟ
ਇਹ ਕਿਵੇਂ ਕੰਮ ਕਰਦਾ ਹੈ
- ਘਰਾਂ ਅਤੇ ਕੰਮ ਦੀਆਂ ਥਾਂਵਾਂ ਲਈ EV ਚਾਰਜਿੰਗ ਸਟੇਸ਼ਨ ਸਥਾਪਤ ਕਰਨ ਲਈ ਰਿਬੇਟ ਲਓ
- ਹੋਮ ਚਾਰਜਰ – ਸਿੰਗਲ-ਫੈਮਿਲੀ, ਡੂਪਲੈਕਸ ਅਤੇ ਸੈਮੀ-ਡਿਟੈਚਡ ਘਰਾਂ ਵਿੱਚ ਲੈਵਲ 2 (240 ਵੋਲਟ) ਚਾਰਜਿੰਗ ਸਟੇਸ਼ਨ ਲਗਵਾਉਣ ਲਈ 50% ($350 ਤੱਕ) ਰਿਬੇਟ ਲਓ
- ਬਹੁ-ਯੂਨਿਟ ਅਪਾਰਟਮੈਂਟ, ਕੌਂਡੋ ਅਤੇ ਟਾਊਨਹੋਮ ਇੰਨੀਆਂ ਰਿਬੇਟ ਲੈ ਸਕਦੇ ਹਨ:
- ਪਾਰਕਿੰਗ ਸਟਾਲ EV ਚਾਰਜਰ ਲਗਵਾਉਣ ਲਈ $137,000
- ਸਟੈਂਡਅਲੋਨ (ਸੁਤੰਤਰ) EV ਚਾਰਜਰ ਲਗਵਾਉਣ ਲਈ $14,000
- ਕੰਮ ਦੀਆਂ ਥਾਂਵਾਂ – ਹਰੇਕ ਕੰਮ ਦੀ ਥਾਂ 50% ਰਿਬੇਟ ($14,000 ਤੱਕ) ਲੈ ਸਕਦੀ ਹੈ
- ਇੰਡੀਜਨਸ ਭਾਈਚਾਰੇ – ਕੌਂਡੋ, ਅਪਾਰਟਮੈਂਟ ਅਤੇ ਕੰਮ ਦੀਆਂ ਥਾਂਵਾਂ ਲਈ ਪ੍ਰਤੀ ਚਾਰਜਿੰਗ ਸਟੇਸ਼ਨ 75% ਰਿਬੇਟ ਲੈ ਸਕਦੇ ਹਨ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਵਧੇਰੇ ਜਾਣੋ ਅਤੇ ਆਪਣੇ ਬਿਜਲੀ ਪ੍ਰਦਾਨਕ ਰਾਹੀਂ ਔਨਲਾਈਨ ਅਰਜ਼ੀ ਦਿਓ। ਕੁਝ ਪ੍ਰੋਗਰਾਮਾਂ ਨੂੰ ਪ੍ਰੀ-ਅਪ੍ਰੂਵਲ (ਪਹਿਲਾਂ ਤੋਂ ਮਨਜ਼ੂਰਸ਼ੁਦਾ ਹੋਣ) ਦੀ ਲੋੜ ਹੁੰਦੀ ਹੈ
EV ਚਾਰਜਰ ਰਿਬੇਟ ਪ੍ਰੋਗਰਾਮ ਬਾਰੇ ਵਧੇਰੇ ਜਾਣੋ
ਮੁਫ਼ਤ ਜਾਂ ਘੱਟ ਲਾਗਤ ਵਾਲੀ ਟ੍ਰਾਂਜ਼ਿਟ
ਬੱਚਿਆਂ ਲਈ ਮੁਫ਼ਤ ਟ੍ਰਾਂਜ਼ਿਟ
- ਬੀ ਸੀ ਟ੍ਰਾਂਜ਼ਿਟ ਅਤੇ ਟ੍ਰਾਂਸਲਿੰਕ ਸੇਵਾਵਾਂ ‘ਤੇ 12 ਸਾਲ ਅਤੇ ਉਸ ਤੋਂ ਘੱਟ ਉਮਰ ਦੇ ਬੱਚੇ ਮੁਫ਼ਤ ਵਿੱਚ ਸਫ਼ਰ ਕਰ ਸਕਦੇ ਹਨ, ਜਿਸ ਵਿੱਚ ਹੈਂਡੀ ਡਾਰਟ (HandyDart), ਸਕਾਈਟ੍ਰੇਨ, ਸੀਬੱਸ ਅਤੇ ਵੈਸਟ ਕੋਸਟ ਐਕਸਪ੍ਰੈਸ ਸ਼ਾਮਲ ਹਨ
- ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। ਬੱਚਿਆਂ ਨੂੰ ਬੋਰਡ ਕਰਨ ਲਈ ਆਈ.ਡੀ. ਜਾਂ ਟ੍ਰਾਂਜ਼ਿਟ ਪਾਸ ਦੀ ਲੋੜ ਨਹੀਂ
- ਕਿਸੇ ਬਾਲਗ ਨੂੰ ਛੋਟੇ ਬੱਚਿਆਂ ਨਾਲ, ਜਾਂ ਉਨ੍ਹਾਂ ਬੱਚਿਆਂ ਨਾਲ ਜਾਣ ਦੀ ਲੋੜ ਪੈ ਸਕਦੀ ਹੈ ਜੋ ਹੈਂਡੀਡਾਰਟ, ਸਮੁੰਦਰੀ ਜਾਂ ਰੇਲ ਸੇਵਾਵਾਂ ਰਾਹੀਂ ਸਵਾਰੀ ਕਰ ਰਹੇ ਹੋਣ
ਤੁਹਾਡੇ ਭਾਈਚਾਰੇ ਵਿੱਚ ਬੱਚਿਆਂ ਲਈ ਮੁਫ਼ਤ ਟ੍ਰਾਂਜ਼ਿਟ ਕਿਵੇਂ ਕੰਮ ਕਰਦੀ ਹੈ, ਇਸ ਬਾਰੇ ਵਧੇਰੇ ਜਾਣੋ
ਬੀ ਸੀ ਬੱਸ ਪ੍ਰੋਗਰਾਮ
ਬੀ ਸੀ ਬੱਸ ਪਾਸ ਪ੍ਰੋਗਰਾਮ ਬਾਰੇ ਵਧੇਰੇ ਜਾਣੋ
ਮੈਟਰੋ ਵੈਨਕੂਵਰ ਵਿੱਚ ਪੋਸਟ ਸੈਕੰਡਰੀ ਵਿਦਿਆਰਥੀਆਂ ਲਈ ਯੂ-ਪਾਸ ਬੀ ਸੀ (U-Pass BC)
- ਮੈਟਰੋ ਵੈਨਕੂਵਰ ਇਲਾਕੇ ਦੇ ਅੰਦਰ ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਜਾਣ ਵਾਲੇ ਯੋਗ ਵਿਦਿਆਰਥੀਆਂ ਨੂੰ ਟ੍ਰਾਂਸਲਿੰਕ ਬੱਸ, ਸੀਬੱਸ ਅਤੇ ਸਕਾਈਟ੍ਰੇਨ ਸੇਵਾਵਾਂ ਤੱਕ ਪਹੁੰਚ ਲਈ ਆਪਣੇ ਆਪ ਯੂ-ਪਾਸ ਦਿੱਤਾ ਜਾਂਦਾ ਹੈ, ਅਤੇ ਵੈਸਟ ਕੋਸਟ ਐਕਸਪ੍ਰੈਸ ‘ਤੇ ਛੋਟਾਂ ਦਿੱਤੀਆਂ ਜਾਂਦੀਆਂ ਹਨ
- ਵਿਦਿਆਰਥੀ ਆਪਣੀ ਵਿਦਿਆਰਥੀ ਫ਼ੀਸ ਦੇ ਹਿੱਸੇ ਵਜੋਂ ਆਪਣੇ ਯੂ-ਪਾਸ ਬੀ ਸੀ ਲਈ ਭੁਗਤਾਨ ਕਰਦੇ ਹਨ
- 1 ਮਈ, 2024 ਤੋਂ 30 ਅਪ੍ਰੈਲ, 2025 ਤੱਕ $46 ਪ੍ਰਤੀ ਮਹੀਨਾ
ਯੂ-ਪਾਸ ਬੀ ਸੀ ਪ੍ਰੋਗਰਾਮ ਬਾਰੇ ਵਧੇਰੇ ਜਾਣੋ

ਹੈਲਥ ਕੇਅਰ ਵਿੱਚ ਬੱਚਤਾਂ
300,000 ਤੋਂ ਵੱਧ ਲੋਕਾਂ ਨੂੰ ਮੁਫ਼ਤ ਗਰਭ ਨਿਰੋਧਕ ਮਿਲ ਚੁੱਕੇ ਹਨ – ਜਿਸ ਨਾਲ ਹਰੇਕ ਵਿਅਕਤੀ ਨੂੰ ਪ੍ਰਤੀ ਸਾਲ $300 ਤੱਕ ਦੀ ਬੱਚਤ ਹੋਈ ਹੈ।
ਬੀ.ਸੀ. ਵਿੱਚ ‘ਬਰਥ ਕੰਟਰੋਲ’ (ਗਰਭ ਨਿਰੋਧਕ) ਹੁਣ ਬਿਲਕੁਲ ਮੁਫ਼ਤ ਹੈ, ਜਿਸ ਨਾਲ ਹਰੇਕ ਵਿਅਕਤੀ ਨੂੰ ਪ੍ਰਤੀ ਸਾਲ $300 ਤੱਕ ਦੀ ਬੱਚਤ ਹੋਈ ਹੈ। ਇਸ ਬਾਰੇ ਆਪਣੇ ਫਾਰਮਾਸਿਸਟ ਨਾਲ ਗੱਲ ਕਰੋ।
ਜੁਲਾਈ 2025 ਤੋਂ, ਇਨ-ਵੀਟਰੋ ਫਰਟਿਲਾਈਜ਼ੇਸ਼ਨ ਕਰਵਾਉਣ ਵਾਲੇ ਯੋਗ ਲੋਕ ਮੁਫ਼ਤ ਵਿੱਚ ਇੱਕ ਟ੍ਰੀਟਮੈਂਟ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ।
ਬੀ.ਸੀ. ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਦਵਾਈਆਂ, ਫਾਰਮੇਸੀ ਸੇਵਾਵਾਂ ਅਤੇ ਕੁਝ ਮੈਡੀਕਲ ਡਿਵਾਈਸਾਂ, ਸਪਲਾਈਆਂ ਅਤੇ ਸੇਵਾਵਾਂ ਦੇ ਖ਼ਰਚਿਆਂ ਵਿੱਚ ਮਦਦ ਮਿਲਦੀ ਹੈ।
ਬੀ.ਸੀ. ਦੇ ਲੋਕਾਂ ਤੋਂ ਹੁਣ ਮੈਡੀਕਲ ਸਰਵਿਸ ਪ੍ਰੋਗਰਾਮ (MSP) ਫ਼ੀਸ ਨਹੀਂ ਲਈ ਜਾਂਦੀ। ਪਰਿਵਾਰਾਂ ਨੂੰ ਪ੍ਰਤੀ ਸਾਲ $1,800 ਦੀ ਬੱਚਤ ਹੋ ਰਹੀ ਹੈ।
ਕੈਂਸਰ ਸੰਬੰਧੀ ਸੰਭਾਲ ਲਈ ਸਫ਼ਰ ਦੀ ਲੋੜ ਵਾਲੇ ਕੁੱਝ ਯੋਗ ਮਰੀਜ਼ਾਂ ਲਈ ਉਹਨਾਂ ਦੇ ਹੋਟਲ ਅਤੇ ਆਵਾਜਾਈ ਦੇ ਖ਼ਰਚਿਆਂ ਦਾ ਭੁਗਤਾਨ ਕਰਨ ਦੀ ਸੁਵਿਧਾ ਹੋ ਸਕਦੀ ਹੈ।
ਓਪੀਔਇਡ ਦੀ ਲਤ ਨਾਲ ਜੂਝ ਰਹੇ ਲੋਕ ਦਵਾਈਆਂ ਦੀ ਸਹਾਇਤਾ ਨਾਲ ਕੀਤੇ ਜਾਣ ਵਾਲੇ ਇਲਾਜ ਲਈ ਉਸੇ ਦਿਨ ਮਿਲਣ ਵਾਲੀ ਮੁਫ਼ਤ ਸੰਭਾਲ ਪ੍ਰਾਪਤ ਕਰ ਸਕਦੇ ਹਨ।
ਮੁਫ਼ਤ ਗਰਭ ਨਿਰੋਧਕ (ਬਰਥ ਕੰਟਰੋਲ)
ਇਹ ਕਿਵੇਂ ਕੰਮ ਕਰਦਾ ਹੈ
- ਪ੍ਰਿਸਕ੍ਰਿਪਸ਼ਨ ‘ਤੇ ਦਿੱਤੇ ਜਾਣ ਵਾਲੇ ਗਰਭ ਨਿਰੋਧਕ ਅਤੇ ਐਮਰਜੈਂਸੀ ਗਰਭ ਨਿਰੋਧਕਾਂ ਦੀਆਂ ਜ਼ਿਆਦਾਤਰ ਕਿਸਮਾਂ ਹੁਣ ਕਿਸੇ ਵੀ ਬੀ.ਸੀ. ਨਿਵਾਸੀ ਲਈ ਮੁਫ਼ਤ ਹਨ, ਜਿਸ ਨਾਲ ਹੇਠ ਲਿਖਿਆਂ ਅਨੁਸਾਰ ਬੱਚਤ ਹੁੰਦੀ ਹੈ:
- ਹੌਰਮੋਨਲ ਗਰਭ ਨਿਰੋਧਕ ਗੋਲੀਆਂ 'ਤੇ ਪ੍ਰਤੀ ਸਾਲ $300 ਦੀ ਬੱਚਤ
- IUDs ਲਈ $400 ਦੀ ਬੱਚਤ
- ਜੇ ਤੁਹਾਨੂੰ ਕੋਈ ਅਜਿਹੀ ਕਿਸਮ ਦਾ ਗਰਭ ਨਿਰੋਧਕ ਪ੍ਰਿਸਕ੍ਰਾਈਬ ਕੀਤਾ ਗਿਆ ਹੈ ਜੋ ਪੂਰੀ ਤਰ੍ਹਾਂ ਕਵਰ ਨਹੀਂ ਹੁੰਦਾ, ਤਾਂ ਆਪਣੇ ਫਾਰਮਾਸਿਸਟ ਨੂੰ ਉਸ ਵਰਗੇ ਕਿਸੇ ਮੁਫ਼ਤ ਗਰਭ ਨਿਰੋਧਕ ਦੇ ਨਾਲ ਬਦਲਣ ਬਾਰੇ ਪੁੱਛੋ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਆਪਣੇ ਫਾਰਮੇਸਿਸਟ ਨਾਲ ਗੱਲ ਕਰੋ। ਉਹ ਤੁਹਾਨੂੰ ਮੁਫ਼ਤ ਗਰਭ ਨਿਰੋਧਕ ਪ੍ਰਿਸਕ੍ਰਾਈਬ ਕਰ ਸਕਦੇ ਹਨ ਅਤੇ ਦੇ ਸਕਦੇ ਹਨ
- ਇਮਪਲਾਂਟ ਅਤੇ IUDs ਲਗਵਾਉਣ ਲਈ ਕਿਸੇ ਡਾਕਟਰ ਕੋਲ ਜਾਂ ਕਿਸੇ ਕਲੀਨਿਕ ‘ਤੇ ਜਾਣਾ ਪਵੇਗਾ
ਮੁਫ਼ਤ ਗਰਭ ਨਿਰੋਧਕਾਂ ਬਾਰੇ ਹੋਰ ਜਾਣੋ
ਇਨ-ਵਿਟਰੋ ਫਰਟਿਲਾਈਜ਼ੇਸ਼ਨ (IVF) ਦਾ ਮੁਫ਼ਤ ਟ੍ਰੀਟਮੈਂਟ
ਇਹ ਕਿਸ ਤਰਾਂ ਕੰਮ ਕਰਦਾ ਹੈ
- ਜੁਲਾਈ 2025 ਤੋਂ, ਬੀ.ਸੀ. ਦੇ ਯੋਗ ਵਸਨੀਕ, ਭਾਗ ਲੈਣ ਵਾਲੇ ਬੀ.ਸੀ. ਪ੍ਰਜਨਨ (fertility) ਕਲੀਨਿਕਾਂ ਵਿਖੇ IVF ਟ੍ਰੀਟਮੈਂਟ ਦੇ ਇੱਕ ਸਟੈਂਡਰਡ ਸਾਈਕਲ ਲਈ $19,000 ਤੱਕ ਦੀ ਇੱਕ ਵਾਰ ਦੀ ਫੰਡਿੰਗ ਲੈਣ ਲਈ ਅਰਜ਼ੀ ਦੇ ਸਕਦੇ ਹਨ
- ਯੋਗ ਹੋਣ ਲਈ, ‘ਐਮਬ੍ਰੀਓ ਟ੍ਰਾਂਸਫ਼ਰ’ (ਉਹ ਪ੍ਰਕਿਰਿਆ ਜਿਸ ਵਿੱਚ ਗਰਭ ਅਵਸਥਾ ਸਥਾਪਤ ਕਰਨ ਲਈ ਫਰਟਿਲਾਈਜ਼ਡ ਐਗਜ਼ ਨੂੰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ) ਕਰਵਾਉਣ ਵਾਲੇ ਬਿਨੈਕਾਰਾਂ ਦਾ ਇਹ ਹੋਣਾ ਲਾਜ਼ਮੀ ਹੈ:
- ਘੱਟੋ-ਘੱਟ 18 ਸਾਲ ਦੀ ਉਮਰ ਦੇ
- ਅਰਜ਼ੀ ਦੇਣ ਦੇ ਸਮੇਂ 41 ਸਾਲ ਜਾਂ ਇਸ ਤੋਂ ਘੱਟ ਉਮਰ ਦੇ
- ਅਰਜ਼ੀ ਦਿੰਦੇ ਸਮੇਂ ਅਤੇ ਟ੍ਰੀਟਮੈਂਟ ਦੀ ਮਿਆਦ ਦੌਰਾਨ ‘ਮੈਡੀਕਲ ਸਰਵਿਸਿਸ ਪਲੈਨ’ ਵਿੱਚ ਦਾਖਲ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਆਪਣੇ ਸਿਹਤ ਸੰਭਾਲ ਪ੍ਰਦਾਨਕ ਤੋਂ ਬੀ.ਸੀ. ਵਿੱਚ ਭਾਗ ਲੈਣ ਵਾਲੇ ਕਿਸੇ ਫਰਟਿਲਿਟੀ ਮਾਹਰ ਲਈ ਰਿਫ਼ਰਲ ਲਓ, ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਨਹੀਂ ਹੈ
- ਜੇ ਤੁਸੀਂ IVF ਲਈ ਯੋਗ ਹੋ ਤਾਂ, ਫਰਟਿਲਿਟੀ ਮਾਹਰ ਤੁਹਾਡੀ ਤਰਫ਼ੋਂ ਫੰਡ ਸਹਾਇਤਾ ਲਈ ਅਰਜ਼ੀ ਦੇਵੇਗਾ
IVF ਪ੍ਰੋਗਰਾਮ ਬਾਰੇ ਹੋਰ ਜਾਣੋ
ਬੀ ਸੀ ਫ਼ਾਰਮਾਕੇਅਰ (BC PharmaCare) ਅਤੇ ਬੈਨਿਫ਼ਿਟ ਪਲੈਨ
ਜਲਦੀ ਆ ਰਿਹਾ ਹੈ! ਔਰਤਾਂ ਦੀ ਮਾਹਵਾਰੀ ਸਦਾ ਲਈ ਬੰਦ ਹੋਣ (menopause) ਦੇ ਲੱਛਣਾਂ ਦਾ ਇਲਾਜ ਕਰਨ ਲਈ ਹਾਰਮੋਨ ਰਿਪਲੇਸਮੈਂਟ ਥੈਰੇਪੀ ਅਤੇ ਡਾਇਬੀਟੀਜ਼ (ਸ਼ੁਗਰ ਦੀ ਬਿਮਾਰੀ) ਲਈ ਦਵਾਈਆਂ ਦੀਆਂਂ ਕਈ ਕਿਸਮਾਂ ਦੇ ਖ਼ਰਚੇ ਜਲਦੀ ਹੀ ਪੂਰੀ ਤਰ੍ਹਾਂ ਕਵਰ ਕੀਤੇ ਜਾਣਗੇ। ਇਹ 2023 ਵਿੱਚ ਮੁਫ਼ਤ ਕੀਤੇ ਗਏ ਗਰਭ ਨਿਰੋਧ ਤੋਂ ਇਲਾਵਾ ਹੈ। ਹੋਰ ਜਾਣੋ।
ਇਹ ਕਿਵੇਂ ਕੰਮ ਕਰਦਾ ਹੈ
- ਬੀ ਸੀ ਫਾਰਮਾਕੇਅਰ ਲੋਕਾਂ ਦੀ ਇਹਨਾਂ ਚੀਜ਼ਾਂ ਦਾ ਭੁਗਤਾਨ ਕਰਨ ਵਿੱਚ ਮਦਦ ਕਰਦਾ ਹੈ:
- ਕਈ ਸਾਰੀਆਂ ਦਵਾਈਆਂ, ਜਿਸ ਵਿੱਚ ਮੁਫ਼ਤ ਗਰਭ ਨਿਰੋਧਕ ਅਤੇ ਨਿਕੋਟੀਨ ਰਿਪਲੇਸਮੈਂਟ ਥੈਰੇਪੀ ਸ਼ਾਮਲ ਹਨ
- ਫਾਰਮੇਸੀ ਸੇਵਾਵਾਂ ਜਿਵੇਂ ਕਿ 21 ਮਾਮੂਲੀ ਬਿਮਾਰੀਆਂ ਦਾ ਇਲਾਜ, ਵੈਕਸੀਨ, ਪ੍ਰਿਸਕ੍ਰਿਪਸ਼ਨ ਰੀਨਿਊਅਲ ਅਤੇ ਐਮਰਜੈਂਸੀ ਰਿਫ਼ਿਲ
- ਮੈਡੀਕਲ ਡਿਵਾਈਸਾਂ ਜਿਵੇਂ ਕਿ ਇਨਸੂਲੀਨ ਪੰਪ ਅਤੇ ਪ੍ਰੌਸਥੀਸਿਸ (prostheses)
- ਸਪਲਾਈਆਂ ਜਿਵੇਂ ਕਿ ਡਾਇਬੀਟੀਜ਼ ਬਲੱਡ ਗਲੂਕੋਜ਼ ਟੈਸਟ ਸਟ੍ਰਿਪਾਂ
- ਜੇ ਤੁਸੀਂ ਮੈਡੀਕਲ ਸਰਵਿਸਿਸ ਪਲੈਨ (MSP) ਵਿੱਚ ਰਜਿਸਟਰ ਹੋ ਅਤੇ ਤੁਹਾਡੇ ਕੋਲ ‘ਪਰਸਨਲ ਹੈਲਥ ਨੰਬਰ’ ਹੈ ਤਾਂ ਜ਼ਿਆਦਾਤਰ ਕਵਰੇਜ ਆਟੋਮੈਟਿਕ ਹੁੰਦੀ ਹੈ
- ‘ਫੇਅਰ ਫਾਰਮਾਕੇਅਰ’ (Fair PharmaCare) – ਸਾਰੇ ਬੀ.ਸੀ. ਨਿਵਾਸੀ ਹਰ ਸਾਲ ਭੁਗਤਾਨ ਕੀਤੀ ਰਕਮ ਨੂੰ ਸੀਮਤ ਕਰਨ ਲਈ ਅਗਲੀ ਕਵਰੇਜ ਲਈ ਰਜਿਸਟਰ ਕਰ ਸਕਦੇ ਹਨ:
- ਕਵਰੇਜ ਆਮਦਨੀ ‘ਤੇ ਅਧਾਰਤ ਹੈ – ਪਰਿਵਾਰ ਦੀ ਕਮਾਈ ਜਿੰਨ੍ਹੀ ਘੱਟ ਹੁੰਦੀ ਹੈ, ਉਨ੍ਹਾਂ ਨੂੰ ਓਨੀ ਹੀ ਜ਼ਿਆਦਾ ਮਦਦ ਮਿਲਦੀ ਹੈ
- ਇੱਕ ਵਾਰ ਕਦੋਂ ਤੁਸੀਂ ਆਪਣੀ ‘ਫੈਮਿਲੀ ਡਿਡੱਕਟਿਬਲ’ ਨੂੰ ਪੂਰਾ ਕਰ ਲੈਂਦੇ ਹੋ, ਤਾਂ ਉਸ ਤੋਂ ਬਾਅਦ ‘ਫਾਰਮਾਕੇਅਰ’ ਭੁਗਤਾਨ ਕਰਦਾ ਹੈ:
- ਯੋਗ ਖ਼ਰਚਿਆਂ ਦਾ 70% ਜਦੋਂ ਤੱਕ ਤੁਸੀਂ ਪਰਿਵਾਰ ਦੀ ਵੱਧ ਤੋਂ ਵੱਧ ਮਿਆਦ (family maximum) ਨੂੰ ਪੂਰਾ ਨਹੀਂ ਕਰਦੇ
- ਬਾਕੀ ਸਾਲ ਲਈ ਪਰਿਵਾਰ ਦੀ ਵੱਧ ਤੋਂ ਵੱਧ ਮਿਆਦ ਨੂੰ ਪੂਰਾ ਕਰਨ ਤੋਂ ਬਾਅਦ ਯੋਗ ਖ਼ਰਚਿਆਂ ਦਾ 100%
- MSP ਸਪਲੀਮੈਂਟਰੀ ਬੈਨਿਫ਼ਿਟ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਮਦਦ ਕਰ ਸਕਦੇ ਹਨ:
- ਡਾਕਟਰੀ ਸੇਵਾਵਾਂ ਜਿਵੇਂ ਕਿ ਐਕਿਊਪੰਕਚਰ, ਮਸਾਜ ਅਤੇ ਫਿਜ਼ੀਕਲ ਥੈਰੇਪੀ ਲਈ ਅੰਸ਼ਕ ਤੌਰ ‘ਤੇ ਭੁਗਤਾਨ ਕਰਨ ਵਿੱਚ
- ਹੋਰ ਆਮਦਨ-ਅਧਾਰਤ ਪ੍ਰੋਗਰਾਮਾਂ ਤੱਕ ਪਹੁੰਚ ਕਰਨ ਵਿੱਚ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਜੇ ਤੁਹਾਡੇ ਕੋਲ ਪਹਿਲਾਂ ਹੀ ‘ਫੇਅਰ ਫਾਰਮਾਕੇਅਰ’ ਅਤੇ/ਜਾਂ ਸਪਲੀਮੈਂਟਰੀ ਬੈਨਿਫ਼ਿਟਸ ਕਵਰੇਜ ਹੈ ਤਾਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ
- ਜੇਕਰ ਨਹੀਂ, ਤਾਂ ਤੁਸੀਂ ਔਨਲਾਈਨ, ਫ਼ੋਨ ਜਾਂ ਡਾਕ ਰਾਹੀਂ ਰਜਿਸਟਰ ਕਰ ਸਕਦੇ ਹੋ
ਬੀ ਸੀ ਹੈਲਥ ਅਤੇ ਡਰੱਗ ਕਵਰੇਜ ਬਾਰੇ ਹੋਰ ਜਾਣੋ
ਮੈਡੀਕਲ ਸਰਵਿਸ ਪਲੈਨ (MSP) ਪ੍ਰੀਮੀਅਮ ਖਤਮ ਕੀਤੇ ਗਏ
ਇਹ ਕਿਵੇਂ ਕੰਮ ਕਰਦਾ ਹੈ
- ਬੀ.ਸੀ. ਦੇ ਲੋਕਾਂ ਤੋਂ ਹੁਣ ਉਹਨਾਂ ਦੀ ਹੈਲਥ ਕਵਰੇਜ ਲਈ ਮੈਡੀਕਲ ਸਰਵਿਸ ਪਲੈਨ (MSP) ਦੇ ਪ੍ਰੀਮੀਅਮਾਂ ਦੀ ਫ਼ੀਸ ਨਹੀਂ ਲਈ ਜਾਂਦੀ, ਜਿਸ ਨਾਲ ਹੇਠ ਲਿਖੀਆਂ ਬੱਚਤਾਂ ਹੁੰਦੀਆਂ ਹਨ:
- ਇਕੱਲੇ ਵਿਅਕਤੀਆਂ ਲਈ ਪ੍ਰਤੀ ਸਾਲ $900 ਤੱਕ
- ਪਰਿਵਾਰਾਂ ਲਈ ਪ੍ਰਤੀ ਸਾਲ $1,800 ਤੱਕ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਜੇ ਤੁਹਾਡਾ ਨਾਮ ਪਹਿਲਾਂ ਤੋਂ ਹੀ ਦਰਜ ਹੈ ਤਾਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ
- ਜੇ ਤੁਹਾਡਾ ਨਾਮ ਦਰਜ ਨਹੀਂ ਹੈ ਤਾਂ MSP ਲਈ ਔਨਲਾਈਨ ਅਰਜ਼ੀ ਦਿਓ, ਆਪ ਜਾ ਕੇ ਜਾਂ ਡਾਕ ਰਾਹੀਂ ਅਰਜ਼ੀ ਭੇਜੋ।
MSP ਪ੍ਰੀਮੀਅਮ ਖਤਮ ਕਰਨ ਬਾਰੇ ਹੋਰ ਜਾਣੋ
ਕੈਂਸਰ ਸੰਬੰਧੀ ਸੰਭਾਲ ਲਈ ਸਫ਼ਰ ਦੇ ਘਟਾਏ ਗਏ ਖ਼ਰਚੇ
ਇਹ ਕਿਵੇਂ ਕੰਮ ਕਰਦਾ ਹੈ
- ਯੋਗ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਕੈਂਸਰ ਸੰਬੰਧੀ ਸੰਭਾਲ ਲਈ ਸਫ਼ਰ ਦੇ ਖ਼ਰਚਿਆਂ ਨੂੰ ਕਵਰ ਕਰਨ ਲਈ ਮਦਦ ਪ੍ਰਾਪਤ ਕਰ ਸਕਦੇ ਹਨ:
- ਹਵਾਈ ਸਫ਼ਰ ਅਤੇ ਫੈਰੀਆਂ ਸਮੇਤ ਆਵਾਜਾਈ ਦੇ ਖ਼ਰਚੇ ਲਈ
- ਕਨੇਡੀਅਨ ਕੈਂਸਰ ਸੋਸਾਇਟੀ ਦੇ ਲੌਜ ਵਿੱਚ ਜਾਂ ਤੁਹਾਡੇ ਸਥਾਨਕ ਕੈਂਸਰ ਸੈਂਟਰ ਦੇ ਨੇੜੇ ਹੋਟਲਾਂ, ਮੋਟਲਾਂ ਜਾਂ ਇੰਨ (Inn) ਵਿੱਚ ਰਿਹਾਇਸ਼ ਲਈ
- ਪਿਛਲੇ ਸਾਲ ਦੌਰਾਨ ਜਿਨ੍ਹਾਂ ਲੋਕਾਂ ਦੀ ਕੁੱਲ ਪਰਿਵਾਰਕ ਆਮਦਨ $150,000 ਤੋਂ ਘੱਟ ਹੈ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਸ਼ਾਮਲ ਕੀਤਾ ਜਾਵੇਗਾ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਆਪਣੇ ਨੇੜੇ ਪੇਸ਼ੈਂਟ ਅਤੇ ਫੈਮਿਲੀ ਕਾਊਂਸਲਿੰਗ (Patient and Family Counseling (PFC)) ਟੀਮ ਨਾਲ ਸੰਪਰਕ ਕਰੋ
ਸਫ਼ਰ ਵਿੱਚ ਮਦਦ ਲਈ ਹੋਰ ਜਾਣੋ
ਓਪੀਔਇਡ ਦੀ ਲਤ ਵਾਲੇ ਲੋਕਾਂ ਦੇ ਇਲਾਜ ਲਈ ਉਸੇ ਦਿਨ ਮਿਲਣ ਵਾਲੀ ਮੁਫ਼ਤ ਸੰਭਾਲ
ਇਹ ਕਿਵੇਂ ਕੰਮ ਕਰਦੀ ਹੈ
- ਓਪੀਔਇਡ ਦੀ ਵਰਤੋਂ ਕਾਰਨ ਬਿਮਾਰੀ ਨਾਲ ਜੂਝ ਰਹੇ ਲੋਕ ਜਾਨ ਬਚਾਉਣ ਵਾਲੀਆਂ ਦਵਾਈਆਂ ਤੱਕ ਮੁਫ਼ਤ ਪਹੁੰਚ ਪ੍ਰਾਪਤ ਕਰ ਸਕਦੇ ਹਨ ਜੋ ਵਿਦਡਰੌਅਲ ਦੇ ਲੱਛਣਾਂ (ਨਸ਼ਾ ਛੱਡਣ ਤੋਂ ਬਾਅਦ ਹੋਣ ਵਾਲੇ ਕਸ਼ਟਦਾਇਕ ਲੱਛਣਾਂ) ਨੂੰ ਰੋਕਦੀਆਂ ਹਨ ਅਤੇ ਓਵਰਡੋਜ਼ ਦੇ ਜੋਖਮ ਨੂੰ ਘਟਾਉਂਦੀਆਂ ਹਨ
- ਇਹ ਮੁਫ਼ਤ ਅਤੇ ਗੁਪਤ ਹੈ। ਫਾਰਮਾਕੇਅਰ (PharmaCare) ਬੀ.ਸੀ. ਦੇ ਵਸਨੀਕਾਂ ਲਈ ਓਪੀਓਇਡ ਐਗੋਨਿਸਟ ਇਲਾਜ (OAT) ਦੀ ਪੂਰੀ ਲਾਗਤ ਦਾ ਭੁਗਤਾਨ ਕਰੇਗੀ।
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਓਪੀਔਇਡ ਟ੍ਰੀਟਮੈਂਟ ਐਕਸੈਸ ਲਾਈਨ ਨੂੰ 1-833-804-8111 ‘ਤੇ ਕੌਲ ਕਰੋ
- ਕਿਸੇ ਸਿਹਤ-ਸੰਭਾਲ ਪ੍ਰਦਾਨਕ (healthcare provider) ਨਾਲ ਗੱਲ ਕਰੋ ਜੋ ਤੁਹਾਡੇ ਲਈ ਕਿਸੇ ਅਜਿਹੇ ਇਲਾਜ ਦਾ ਸੁਝਾਅ ਦੇ ਸਕੇ, ਜੋ ਤੁਹਾਡੇ ਲਈ ਸਹੀ ਹੋਵੇ
- ਕਿਸੇ ਫਾਰਮੇਸੀ ਵਿੱਚ ਆਪਣੀ ਪ੍ਰਿਸਕ੍ਰਿਪਸ਼ਨ ਭਰਵਾਓ। ਜੇ ਤੁਸੀਂ MSP ਨਾਲ ਰਜਿਸਟਰਡ ਨਹੀਂ ਹੋ, ਤਾਂ ਇੱਕ ਫਾਰਮਾਸਿਸਟ ਮਦਦ ਕਰ ਸਕਦਾ ਹੈ
'ਓਪੀਔਇਡ ਟ੍ਰੀਟਮੈਂਟ ਐਕਸੈਸ ਲਾਈਨ’ (Opioid Treatment Access Line) ਬਾਰੇ ਵਧੇਰੇ ਜਾਣੋ

ਸਿੱਖਿਆ ਅਤੇ ਸਿਖਲਾਈ ਸੰਬੰਧੀ ਬੱਚਤਾਂ
2019 ਤੋਂ ਲੈ ਕੇ ਹੁਣ ਤੱਕ, ਵਿਦਿਆਰਥੀਆਂ ਲਈ ਵਿਆਜ-ਮੁਕਤ ਕਰਜ਼ਿਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਹਜ਼ਾਰਾਂ ਲੋਕਾਂ ਲਈ $145 ਮਿਲੀਅਨ ਤੋਂ ਵੱਧ ਦੀ ਬੱਚਤ ਕੀਤੀ ਹੈ।
ਵਿਦਿਆਰਥੀ ਹੁਣ ‘ਕੈਨੇਡਾ-ਬੀ.ਸੀ. ਇੰਟੀਗ੍ਰੇਟਿਡ’ (Canada-B.C. Integrated) ਵਿਦਿਆਰਥੀ ਕਰਜ਼ਿਆਂ ‘ਤੇ ਵਿਆਜ ਨਹੀਂ ਦਿੰਦੇ।
ਜ਼ਿਆਦਾਤਰ ਬੀ.ਸੀ. ਵਸਨੀਕ ਉੱਚ-ਮੰਗ ਅਤੇ ਚੰਗੀ ਤਨਖਾਹ ਵਾਲੇ ਪੇਸ਼ਿਆਂ ਵਿੱਚ ਛੋਟੀ-ਮਿਆਦ ਦੀ ਹੁਨਰ ਸਿਖਲਾਈ ਦੇ ਖ਼ਰਚਿਆਂ ਦਾ ਭੁਗਤਾਨ ਕਰਨ ਲਈ $3,500 ਪ੍ਰਾਪਤ ਕਰ ਸਕਦੇ ਹਨ।
ਘੱਟ- ਅਤੇ ਮੱਧ-ਆਮਦਨੀ ਵਾਲੇ ਵਿਦਿਆਰਥੀ, ‘ਸਟੂਡੈਂਟ ਏਡ’ (ਵਿਦਿਆਰਥੀ ਸਹਾਇਤਾ) ਲਈ ਅਰਜ਼ੀ ਦਿੰਦੇ ਸਮੇਂ ਫੁੱਲ-ਟਾਈਮ ਦੀ ਪੜ੍ਹਾਈ ਲਈ ਆਟੋਮੈਟਿਕ ਢੰਗ ਨਾਲ $4,000 ਪ੍ਰਤੀ ਸਾਲ ਪ੍ਰਾਪਤ ਕਰ ਸਕਦੇ ਹਨ।
ਆਮਦਨੀ ਜਾਂ ਅਪੰਗਤਾ ਸਹਾਇਤਾ ਪ੍ਰਾਪਤ ਕਰਨ ਵਾਲੇ ਇਕੱਲੇ ਮਾਪੇ ਨੌਕਰੀ ਦੀ ਸਿਖਲਾਈ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਵਰਕ ਬੀ ਸੀ (WorkBC) ‘ਤੇ ਜਾਓ।
ਸਾਬਕਾ ਸੰਭਾਲ ਵਿੱਚ ਰਹਿ ਚੁੱਕੇ ਸਾਰੇ ਨੌਜਵਾਨ, ਚਾਹੇ ਉਨ੍ਹਾਂ ਦੀ ਉਮਰ ਕੁਝ ਵੀ ਹੋਵੇ, ਪੋਸਟ-ਸੈਕੰਡਰੀ ਸਿੱਖਿਆ ਟਿਊਸ਼ਨ ਮੁਫ਼ਤ ਵਿੱਚ ਪ੍ਰਾਪਤ ਕਰ ਸਕਦੇ ਹਨ। ਔਨਲਾਈਨ ਅਰਜ਼ੀ ਦਿਓ।
ਬਾਲਗ ਹਾਈ ਸਕੂਲ ਡਿਪਲੋਮਾ ਪ੍ਰਾਪਤ ਕਰਨ ਲਈ ਮੁਫ਼ਤ ਕੋਰਸ ਲੈ ਸਕਦੇ ਹਨ, ਪੋਸਟ-ਸੈਕੰਡਰੀ ਲਈ ਆਪਣੇ ਹੁਨਰ ਅੱਪਗ੍ਰੇਡ ਕਰ ਸਕਦੇ ਹਨ ਜਾਂ ਅੰਗਰੇਜ਼ੀ ਸਿੱਖ ਸਕਦੇ ਹਨ।
ਵਿਦਿਆਰਥੀਆਂ ਲਈ ਕਰਜ਼ਿਆਂ ‘ਤੇ ਵਿਆਜ ਨੂੰ ਖਤਮ ਕਰਨਾ
ਇਹ ਕਿਵੇਂ ਕੰਮ ਕਰਦਾ ਹੈ
- ਵਿਦਿਆਰਥੀਆਂ ਤੋਂ ਹੁਣ ‘ਕੈਨੇਡਾ-ਬੀ.ਸੀ. ਇੰਟੀਗ੍ਰੇਟਿਡ’ ਵਿਦਿਆਰਥੀ ਕਰਜ਼ਿਆਂ ਦੇ ਬੀ.ਸੀ. ਵਾਲੇ ਹਿੱਸੇ ‘ਤੇ ਵਿਆਜ ਨਹੀਂ ਲਿਆ ਜਾਂਦਾ
- ਇਹ ਤਬਦੀਲੀ ਫ਼ਰਵਰੀ 2019 ਵਿੱਚ ਲਾਗੂ ਹੋਈ ਸੀ ਜਿਸ ਨਾਲ ਸਾਰੇ ਮੌਜੂਦਾ ਅਤੇ ਭਵਿੱਖ ਦੇ ਕਰਜ਼ਦਾਰਾਂ ਨੂੰ ਲਾਭ ਹੋਇਆ ਸੀ
- ਕੈਨੇਡਾ ਸਰਕਾਰ ਨੇ 2023 ਵਿੱਚ ਕੈਨੇਡਾ ਦੇ ਹਿੱਸੇ ‘ਤੇ ਵਿਆਜ ਖਤਮ ਕਰ ਦਿੱਤਾ ਸੀ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਕਿਸੇ ਕਾਰਵਾਈ ਦੀ ਲੋੜ ਨਹੀਂ। ਨਵੇਂ ਕਰਜ਼ਿਆਂ ‘ਤੇ ਤੁਹਾਡੇ ਤੋਂ ਵਿਆਜ ਨਹੀਂ ਲਿਆ ਜਾਵੇਗਾ
- ਜੇ ਤੁਹਾਡੇ ਕੋਲ ਫ਼ਰਵਰੀ 2019 ਤੋਂ ਪਹਿਲਾਂ ਕੋਈ ਕਰਜ਼ਾ ਸੀ, ਤਾਂ ਤੁਹਾਡੇ ਕਰਜ਼ੇ ਦੀ ਅਦਾਇਗੀ ਦੀਆਂ ਸਟੇਟਮੈਂਟਾਂ ‘ਤੇ ਵਿਆਜ ਆਪਣੇ ਆਪ ਖਤਮ ਹੋ ਗਿਆ ਹੋਣਾ ਹੈ
ਵਿਦਿਆਰਥੀ ਕਰਜ਼ਿਆਂ ‘ਤੇ ਵਿਆਜ ਖਤਮ ਕਰਨ ਬਾਰੇ ਵਧੇਰੇ ਜਾਣੋ
ਸਟ੍ਰੌਂਗਰ ਬੀ ਸੀ ਫ਼ੀਊਚਰ ਸਕਿਲਜ਼ ਗ੍ਰਾਂਟ (StrongerBC Future Skills Grant)
ਇਹ ਕਿਵੇਂ ਕੰਮ ਕਰਦਾ ਹੈ
- ਜ਼ਿਆਦਾਤਰ ਬੀ.ਸੀ. ਵਸਨੀਕ – ਵਿੱਤੀ ਜ਼ਰੂਰਤ ਦੀ ਪਰਵਾਹ ਕੀਤੇ ਬਿਨਾਂ – ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਛੋਟੀ ਮਿਆਦ ਦੀ ਹੁਨਰ ਸਿਖਲਾਈ ਲਈ $3,500 ਤੱਕ ਦੀ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਹਨ
- ਯੋਗ ਪ੍ਰੋਗਰਾਮਾਂ ਦੀ ਚੋਣ ਲੋਕਾਂ ਨੂੰ ਉੱਚ-ਮੰਗ ਅਤੇ ਚੰਗੀ ਤਨਖਾਹ ਵਾਲੇ ਪੇਸ਼ਿਆਂ ਵਿੱਚ ਆਪਣੇ ਹੁਨਰਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ ਕੀਤੀ ਜਾਂਦੀ ਹੈ
- ਕਿਸੇ ਵਿਅਕਤੀ ਦੇ ਜੀਵਨ ਕਾਲ ਵਿੱਚ ਵੱਧ ਤੋਂ ਵੱਧ ਅਲੌਟਮੈਂਟ $3,500 ਹੈ ਪਰ ਇਸਨੂੰ ਇਕੋ ਸਮੇਂ ਵਰਤਣ ਦੀ ਜ਼ਰੂਰਤ ਨਹੀਂ ਹੈ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਇੱਕ ਵਾਰ ਪੋਸਟ ਕੀਤੇ ਜਾਣ ਤੋਂ ਬਾਅਦ ਪਤਝੜ 2024 ਲਈ ਯੋਗ ਪ੍ਰੋਗਰਾਮਾਂ ਦੀ ਸੂਚੀ ਦੀ ਸਮੀਖਿਆ ਕਰੋ। ਅਰਜ਼ੀ ਦੇਣ ਤੋਂ ਪਹਿਲਾਂ ਜਾਣਕਾਰੀ ਵਾਸਤੇ ਪੋਸਟ-ਸੈਕੰਡਰੀ ਸੰਸਥਾ ਨਾਲ ਸੰਪਰਕ ਕਰੋ
ਫ਼ਿਊਚਰ ਸਕਿਲਜ਼ (ਭਵਿੱਖ ਦੇ ਹੁਨਰ) ਗ੍ਰਾਂਟ ਬਾਰੇ ਵਧੇਰੇ ਜਾਣੋ
ਇਹ ਕਿਵੇਂ ਕੰਮ ਕਰਦਾ ਹੈ
- ਘੱਟ- ਅਤੇ ਮੱਧ-ਆਮਦਨ ਵਾਲੇ ਵਿਦਿਆਰਥੀ ਫੁੱਲ-ਟਾਈਮ ਪੜ੍ਹਾਈ ਲਈ ਪ੍ਰਤੀ ਸਾਲ $4,000 ਤੱਕ ਪ੍ਰਾਪਤ ਕਰ ਸਕਦੇ ਹਨ
- ਪੈਸੇ ਪਹਿਲਾਂ ਹੀ ਦੇ ਦਿੱਤੇ ਜਾਂਦੇ ਹਨ ਅਤੇ ਇਸਨੂੰ ਵਾਪਸ ਅਦਾ ਕਰਨ ਦੀ ਲੋੜ ਨਹੀਂ ਹੁੰਦੀ
- ਤੁਸੀਂ ਯੋਗ ਹੋ ਸਕਦੇ ਹੋ ਜੇ ਤੁਸੀਂ:
- ਫੁੱਲ-ਟਾਈਮ ਸਟੂਡੈਂਟ ਏਡ ਲਈ ਅਰਜ਼ੀ ਦਿਓ ਅਤੇ ਯੋਗਤਾ ਪ੍ਰਾਪਤ ਕਰੋ
- ਕਿਸੇ ਬੀ.ਸੀ. ਪਬਲਿਕ ਪੋਸਟ-ਸੈਕੰਡਰੀ ਸੰਸਥਾ ਵਿੱਚ ਦਾਖਲਾ ਲੈ ਕੇ ਉੱਥੇ ਹਾਜ਼ਰੀ ਭਰੋ
- ਸੂਬੇ ਦੁਆਰਾ ਮੁਲਾਂਕਣ ਕੀਤੇ ਅਨੁਸਾਰ ਵਿੱਤੀ ਲੋੜ ਵਿੱਚ ਹੋ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਕਿਸੇ ਕਾਰਵਾਈ ਦੀ ਲੋੜ ਨਹੀਂ। ਜਦੋਂ ਤੁਸੀਂ ਵਿਦਿਆਰਥੀਆਂ ਲਈ ਕਰਜ਼ੇ ਲਈ ਅਰਜ਼ੀ ਦਿੰਦੇ ਹੋ ਤਾਂ ਗ੍ਰਾਂਟ ਲਈ ਤੁਹਾਡਾ ਮੁਲਾਂਕਣ ਆਪਣੇ ਆਪ ਕੀਤਾ ਜਾਵੇਗਾ
ਬੀ ਸੀ ਐਕਸੈਸ ਗ੍ਰਾਂਟ ਬਾਰੇ ਵਧੇਰੇ ਜਾਣੋ
ਇਕੱਲੇ ਮਾਪਿਆਂ ਦੇ ਰੁਜ਼ਗਾਰ ਲਈ ਪਹਿਲਕਦਮੀ (Single parent employment initiative)
ਇਹ ਕਿਵੇਂ ਕੰਮ ਕਰਦਾ ਹੈ
- 3 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਆਮਦਨ ਜਾਂ ਅਪੰਗਤਾ ਸਹਾਇਤਾ ਪ੍ਰਾਪਤ ਕਰਨ ਵਾਲੇ ਇਕੱਲੇ ਮਾਪੇ ਲੰਮੀ ਮਿਆਦ ਦੀ ਨੌਕਰੀ ਸੁਰੱਖਿਅਤ ਕਰਨ ਲਈ ਸਿਖਲਾਈ ਅਤੇ ਸਹਾਇਤਾ ਲਈ ਯੋਗ ਹੋ ਸਕਦੇ ਹਨ। ਸਹਾਇਤਾਵਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- 2 ਸਾਲਾਂ ਤੱਕ ਫੰਡ ਪ੍ਰਾਪਤ ਸਿਖਲਾਈ ਜਾਂ ਤਨਖਾਹ-ਪ੍ਰਾਪਤ ਕੰਮ ਦਾ ਤਜਰਬਾ
- ਸਿਖਲਾਈ ਦੌਰਾਨ ਨਿਰੰਤਰ ਆਮਦਨ ਜਾਂ ਅਪੰਗਤਾ ਬੈਨਿਫ਼ਿਟ
- ਚਾਈਲਡਕੇਅਰ (ਬੱਚਿਆਂ ਦੀ ਸੰਭਾਲ) ਅਤੇ ਆਵਾਜਾਈ ਦੇ ਖ਼ਰਚੇ
- ਡੈਂਟਲ (ਦੰਦਾਂ ਸੰਬੰਧੀ ਸੰਭਾਲ), ਔਪਟਿਕਲ (ਅੱਖਾਂ ਸੰਬੰਧੀ ਸੰਭਾਲ) ਅਤੇ ਫ਼ਾਰਮਾਕੇਅਰ (PharmaCare) ਲਈ ਸਿਹਤ ਕਵਰੇਜ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਕਿਸੇ ਕੇਸ ਵਰਕਰ ਨੂੰ ਮਿਲਣ ਲਈ ਆਪਣੇ ਸਥਾਨਕ ਵਰਕ ਬੀ ਸੀ (WorkBC) ਲੋਕੇਸ਼ਨ ‘ਤੇ ਜਾਓ
ਇਕੱਲੇ ਮਾਪਿਆਂ ਦੇ ਰੁਜ਼ਗਾਰ ਲਈ ਪਹਿਲਕਦਮੀ (Single parent employment initiative) ਬਾਰੇ ਵਧੇਰੇ ਜਾਣੋ
ਸਾਬਕਾ ਸੰਭਾਲ ਵਿੱਚ ਰਹਿ ਚੁੱਕੇ ਨੌਜਵਾਨਾਂ ਲਈ ਮੁਫ਼ਤ ਟਿਊਸ਼ਨ
ਮੁਫ਼ਤ ਐਡਲਟ ਐਜੂਕੇਸ਼ਨ ਅੱਪਗ੍ਰੇਡਿੰਗ (ਬਾਲਗ ਸਿੱਖਿਆ ਅੱਪਗ੍ਰੇਡਿੰਗ) ਅਤੇ ਅੰਗਰੇਜ਼ੀ ਕੋਰਸ
ਇਹ ਕਿਵੇਂ ਕੰਮ ਕਰਦਾ ਹੈ
ਐਡਲਟ ਐਜੂਕੇਸ਼ਨ (ਬਾਲਗ ਸਿੱਖਿਆ) ਅੱਪਗ੍ਰੇਡਿੰਗ
- 18 ਸਾਲ ਤੋਂ ਵੱਧ ਉਮਰ ਦੇ ਬਾਲਗ ਹੇਠਾਂ ਦਿੱਤੇ ਲਈ ਹਾਈ ਸਕੂਲ ਕੋਰਸ ਮੁਫ਼ਤ ਵਿੱਚ ਲੈ ਸਕਦੇ ਹਨ:
- ਹਾਈ ਸਕੂਲ ਗ੍ਰੈਜੂਏਸ਼ਨ ਹਾਸਲ ਕਰਨ ਲਈ ਮਿਹਨਤ ਕਰਨ ਲਈ ਜਾਂ
- ਕਿਸੇ ਪੋਸਟ-ਸੈਕੰਡਰੀ ਪ੍ਰੋਗਰਾਮ ਵਿੱਚ ਦਾਖਲੇ ਲਈ ਹੁਨਰ ਨੂੰ ਅੱਪਗ੍ਰੇਡ ਕਰਨ ਲਈ
- ਕੋਰਸ ਬਾਲਗ ਵਿਦਿਆਰਥੀਆਂ ਦੀਆਂ ਲੋੜਾਂ ਅਨੁਸਾਰ ਤਿਆਰ ਕੀਤੇ ਜਾਂਦੇ ਹਨ ਅਤੇ ਹੋ ਸਕਦਾ ਹੈ ਕਿ:
- ਇਹਨਾਂ ਦੀ ਪੇਸ਼ਕਸ਼ ਦਿਨ ਵੇਲੇ ਜਾਂ ਸ਼ਾਮ ਨੂੰ ਕੀਤੀ ਜਾਵੇ
- ਇਹ ਆਪਣੀ ਸਹੂਲਤ ਦੇ ਮੁਤਾਬਕ ਸਮਾਂ ਕੱਢ ਕੇ ਆਪ ਪੜ੍ਹਨ ਵਾਲੇ ਜਾਂ ਕਿਸੇ ਅਧਿਆਪਕ ਦੁਆਰਾ ਪੜ੍ਹਾਏ ਜਾਣ ਵਾਲੇ ਹੋਣ
- ਔਨਲਾਈਨ ਜਾਂ ਕਲਾਸਰੂਮ ਵਿੱਚ ਸਿੱਖਣ ਵਾਲੇ ਹੋਣ
- ਬਾਲਗ ਸਿੱਖਿਆ ਪ੍ਰੋਗਰਾਮ ਸਕੂਲ ਡਿਸਟ੍ਰਿਕਟਾਂ ਅਤੇ ਬਹੁਤ ਸਾਰੀਆਂ ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ ਦੁਆਰਾ ਪੇਸ਼ ਕੀਤੇ ਜਾਂਦੇ ਹਨ
ਅੰਗਰੇਜ਼ੀ ਸਿੱਖੋ
ਕੈਨੇਡਿਅਨ ਨਾਗਰਿਕ, ਸਥਾਈ ਵਸਨੀਕ (permanent residents) ਅਤੇ ਸ਼ਰਨਾਰਥੀ (refugees) ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਅੰਗਰੇਜ਼ੀ ਸਿੱਖਣ ਜਾਂ ਸੁਧਾਰਨ ਲਈ ਮੁਫ਼ਤ ਕੋਰਸ ਲੈ ਸਕਦੇ ਹਨ
ਤੁਹਾਨੂੰ ਕੀ ਕਰਨ ਦੀ ਲੋੜ ਹੈ
- ਬਾਲਗ ਸਿਖਲਾਈ ਕੇਂਦਰ ਲੱਭਣ ਲਈ ਕਿਸੇ ਪਬਲਿਕ ਪੋਸਟ-ਸੈਕੰਡਰੀ ਸੰਸਥਾ ਜਾਂ ਆਪਣੀ ਸਥਾਨਕ ਸਕੂਲ ਡਿਸਟ੍ਰਿਕਟ ਨਾਲ ਸੰਪਰਕ ਕਰੋ
- ਇਹ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਕਿਸੇ ਅਕਾਦਮਿਕ ਸਲਾਹਕਾਰ ਨਾਲ ਗੱਲ ਕਰੋ ਕਿ ਤੁਹਾਨੂੰ ਆਪਣੇ ਸਿੱਖਣ ਦੇ ਟੀਚਿਆਂ ਤੱਕ ਪਹੁੰਚਣ ਲਈ ਕਿਹੜੇ ਕੋਰਸਾਂ ਅਤੇ ਕ੍ਰੈਡਿਟਸ ਦੀ ਲੋੜ ਹੈ
ਬਾਲਗ ਸਿੱਖਿਆ ਬਾਰੇ ਵਧੇਰੇ ਜਾਣੋ
ਸੰਬੰਧਤ ਜਾਣਕਾਰੀ
ਹੋਰ ਭਾਸ਼ਾਵਾਂ ਵਿੱਚ ਮਦਦ
ਸਰਵਿਸ ਬੀ ਸੀ (Service BC) ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਸਮਝਣ ਅਤੇ ਉਹਨਾਂ ਦੀ ਵਰਤੋਂ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਤੁਸੀਂ ਹੇਠ ਦਿੱਤੇ ਨੰਬਰ ‘ਤੇ ਕੌਲ ਕਰਕੇ 220 ਤੋਂ ਵੱਧ ਭਾਸ਼ਾਵਾਂ ਵਿੱਚ ਮਦਦ ਲੈ ਸਕਦੇ ਹੋ (ਪੰਜਾਬੀ ਵਿੱਚ ਜਾਣਕਾਰੀ ਉਪਲਬਧ ਹੈ)।
ਕੌਲ ਕਰੋ: 1-800-663-7867
ਸੋਮਵਾਰ ਤੋਂ ਸ਼ੁਕਵਾਰ
ਸਵੇਰ 7 ਵਜੇ ਤੋਂ ਸ਼ਾਮ 7 ਵਜੇ ਤੱਕ (ਪੈਸੀਫਿਕ ਟਾਈਮ)
ਜਦੋਂ ਤੁਸੀਂ ਕੌਲ ਕਰਦੇ ਹੋ, ਤਾਂ ਏਜੰਟ ਦੁਆਰਾ ਫ਼ੋਨ ਦਾ ਜਵਾਬ ਦੇਣ ਦੀ ਉਡੀਕ ਕਰੋ, ਫਿਰ ਉਸ ਭਾਸ਼ਾ ਦਾ ਨਾਮ ਕਹੋ ਜਿਸ ਵਿੱਚ ਤੁਹਾਨੂੰ ਸਹਾਇਤਾ ਦੀ ਲੋੜ ਹੈ। ਉਦਾਹਰਨ ਲਈ, ਪੰਜਾਬੀ ਵਿੱਚ ਮਦਦ ਲਈ ‘ਪੰਜਾਬੀ’ ਸ਼ਬਦ ਬੋਲੋ।